ਚੰਡੀਗੜ੍ਹ ਰੇਲਵੇ ਸਟੇਸ਼ਨ ''ਤੇ 8 ਅਗਸਤ ਤੋਂ 6 ਸਤੰਬਰ ਤੱਕ ਰਹੇਗਾ ਟ੍ਰੈਫਿਕ ਬਲਾਕ

Friday, Aug 07, 2026 - 01:30 PM (IST)

ਚੰਡੀਗੜ੍ਹ ਰੇਲਵੇ ਸਟੇਸ਼ਨ ''ਤੇ 8 ਅਗਸਤ ਤੋਂ 6 ਸਤੰਬਰ ਤੱਕ ਰਹੇਗਾ ਟ੍ਰੈਫਿਕ ਬਲਾਕ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਵਿਸ਼ਵ ਪੱਧਰੀ ਪੁਨਰ ਵਿਕਾਸ ਕਾਰਜ ਤਹਿਤ ਕੋਨਕੋਰਸ ਅਤੇ ਪਾਰਕਿੰਗ ਖੇਤਰ (ਚੰਡੀਗੜ੍ਹ ਅਤੇ ਪੰਚਕੂਲਾ ਵਾਲੇ ਪਾਸੇ) ਨੂੰ ਜੋੜਨ ਵਾਲੇ ਫੁੱਟ ਓਵਰਬ੍ਰਿਜ ਦਾ ਉਸਾਰੀ ਕਾਰਜ ਪੂਰਾ ਕਰਨ ਅਤੇ ਛੱਤ ਪਾਉਣ ਦਾ ਕੰਮ ਕੀਤਾ ਜਾਵੇਗਾ। ਰੇਲ ਭੂਮੀ ਵਿਕਾਸ ਅਥਾਰਟੀ (ਆਰ. ਐੱਲ. ਡੀ. ਏ.) ਵੱਲੋਂ ਪਲੇਟਫਾਰਮ ਨੰਬਰ 2/3 ਅਤੇ 4/5 ’ਤੇ ਇਹ ਕੰਮ ਪ੍ਰਸਤਾਵਿਤ ਹੈ। ਇਸੇ ਕਾਰਨ ਰੇਲਵੇ ਨੇ 8 ਅਗਸਤ ਤੋਂ 6 ਸਤੰਬਰ ਤੱਕ ਵੱਖ-ਵੱਖ ਤਾਰੀਖ਼ਾਂ ’ਤੇ ਟ੍ਰੈਫਿਕ ਅਤੇ ਓ. ਐੱਚ. ਈ. ਬਲਾਕ ਲਗਾਉਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਲਾਕ ਦੌਰਾਨ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਏ, ਇਸ ਦੇ ਲਈ ਚੰਡੀਗੜ੍ਹ ਅਤੇ ਪੰਚਕੂਲਾ ਦੋਵੇਂ ਪਾਸੇ ਟ੍ਰੈਫਿਕ ਮਾਰਸ਼ਲ ਤਾਇਨਾਤ ਕੀਤੇ ਜਾਣਗੇ।
ਤਿੰਨ ਪੜਾਵਾਂ ’ਚ ਹੋਵੇਗਾ ਕੰਮ
ਪਲੇਟਫਾਰਮ 4, 5, 6 ਅਤੇ ਲਾਈਨ ਨੰਬਰ 7 ਤੇ 8 ’ਤੇ (ਸਵੇਰੇ 10:10 ਤੋਂ ਦੁਪਹਿਰ 2:10 ਵਜੇ ਤੱਕ) :
ਇੱਥੇ 4-4 ਘੰਟੇ ਦਾ ਬਲਾੱਕ ਤਿੰਨ ਪੜਾਵਾਂ ’ਚ ਰਹੇਗਾ 
8 ਤੋਂ 12 ਅਗਸਤ ਤੱਕ
19 ਤੋਂ 26 ਅਗਸਤ ਤੱਕ
31 ਅਗਸਤ ਤੋਂ 4 ਸਤੰਬਰ ਤੱਕ
ਲਾਈਨ ਨੰਬਰ 6, 7 ਅਤੇ 8 ’ਤੇ (ਸਵੇਰੇ 9:45 ਤੋਂ ਦੁਪਹਿਰ 1:45 ਵਜੇ ਤੱਕ):
ਇੱਥੇ ਵੀ 4-4 ਘੰਟੇ ਦਾ ਬਲਾੱਕ ਤਿੰਨ ਪੜਾਵਾਂ ’ਚ ਰਹੇਗਾ 
10 ਤੋਂ 17 ਅਗਸਤ ਤੱਕ
21 ਤੋਂ 28 ਅਗਸਤ ਤੱਕ
2 ਤੋਂ 6 ਸਤੰਬਰ ਤੱਕ
ਯਾਤਰੀਆਂ ਦੀ ਸਹੂਲਤ ਲਈ ਪਲੇਟਫਾਰਮ ’ਚ ਅਸਥਾਈ ਬਦਲਾਅ
ਉਸਾਰੀ ਕਾਰਜ ਦੌਰਾਨ ਕੁਝ ਰੇਲਗੱਡੀਆਂ ਦੇ ਨਿਰਧਾਰਤ ਪਲੇਟਫਾਰਮਾਂ ’ਚ ਅਸਥਾਈ ਬਦਲਾਅ ਕੀਤਾ ਜਾਏਗਾ। ਇਨ੍ਹਾਂ ’ਚ ਮੁੱਖ ਤੌਰ ’ਤੇ ਰੇਲਗੱਡੀ ਨੰਬਰ 12046, 14542, 15531, 12058, 54532, 14616, 14332 ਅਤੇ 64516 ਸ਼ਾਮਲ ਹਨ। ਰੇਲਵੇ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਯਾਤਰਾ ਤੋਂ ਪਹਿਲਾਂ ਸਟੇਸ਼ਨ ’ਤੇ ਘੋਸ਼ਣਾਵਾਂ ਅਤੇ ਸੂਚਨਾ ਬੋਰਡਾਂ ਰਾਹੀਂ ਆਪਣੀ ਰੇਲਗੱਡੀ ਦੇ ਪਲੇਟਫਾਰਮ ਦੀ ਜਾਣਕਾਰੀ ਜਰੂਰ ਹਾਸਲ ਕਰਨ ਅਤੇ ਟਰੈਫਿਕ ਮਾਰਸ਼ਲਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪਲੇਟਫਾਰਮ ’ਤੇ ਜਾਣ।
ਡਿਬਰੂਗੜ੍ਹ-ਚੰਡੀਗੜ੍ਹ ਐਕਸਪ੍ਰੈੱਸ ਹੋਵੇਗੀ ਰੈਗੂਲੇਟ
ਰੇਲਗੱਡੀ ਨੰਬਰ 15903 (ਡਿਬਰੂਗੜ੍ਹ-ਚੰਡੀਗੜ੍ਹ) ਨੂੰ 10, 17, 24, 31 ਅਗਸਤ ਅਤੇ 4 ਸਤੰਬਰ ਨੂੰ ਸਹਾਰਨਪੁਰ ਅਤੇ ਚੰਡੀਗੜ੍ਹ ਵਿਚਕਾਰ ਲਗਭਗ 60 ਮਿੰਟ ਲਈ ਰੈਗੂਲੇਟ ਕੀਤਾ ਜਾਵੇਗਾ। ਰੇਲਵੇ ਪ੍ਰਸ਼ਾਸਨ ਨੇ ਸਾਰੇ ਯਾਤਰੀਆਂ ਨੂੰ ਉਸਾਰੀ ਕਾਰਜ ਦੌਰਾਨ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
 


author

Babita

Content Editor

Related News