ਚੰਡੀਗੜ੍ਹ 'ਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਪ੍ਰਦਰਸ਼ਨ, ਪੁਲਸ ਨੇ ਕੀਤੀਆਂ ਪਾਣੀ ਦੀਆਂ ਵਾਛੜਾਂ
Wednesday, Jul 29, 2026 - 02:10 PM (IST)
ਚੰਡੀਗੜ੍ਹ/ਮੋਹਾਲੀ (ਵੈੱਬ ਡੈਸਕ, ਅੰਕੁਸ਼ ਮਹਾਜਨ) : ਚੰਡੀਗੜ੍ਹ 'ਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਅੱਜ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਵਿਸ਼ਾਲ ਮਾਰਚ ਕੀਤਾ ਗਿਆ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੇ ਸੱਦੇ 'ਤੇ ਅੱਜ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਨ ਲਈ ਪੁੱਜੇ ਪਰ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਨੂੰ ਰਾਹ 'ਚ ਹੀ ਰੋਕ ਲਿਆ। ਪੁਲਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪ੍ਰਦਰਸ਼ਨਕਾਰੀਆਂ ਵਲੋਂ ਅੱਗੇ ਵੱਧਣ 'ਤੇ ਪੁਲਸ ਨੇ ਉਨ੍ਹਾਂ 'ਤੇ ਪਾਣੀ ਦੀਆਂ ਵਾਛੜਾਂ ਕੀਤੀਆਂ।
ਕੁੱਝ ਪ੍ਰਦਰਸ਼ਨਕਾਰੀ ਪੁਲਸ ਦੀ ਪਾਣੀ ਦੀ ਤੋਪ ਵਾਲੀ ਗੱਡੀ 'ਤੇ ਚੜ੍ਹ ਗਏ। ਚੰਡੀਗੜ੍ਹ ਸਰਹੱਦ 'ਤੇ ਰੋਕਣ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ ਪਰ ਪੁਲਸ ਨੇ ਪਾਣੀ ਦੀਆਂ ਵਾਛੜਾਂ ਕਰਕੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ। ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ ਪਰ ਪੁਲਸ ਨੇ ਉਨ੍ਹਾਂ ਦੇ ਜੱਦੀ ਪਿੰਡ ਜੱਲੁਪੂਰ ਖੇੜਾ (ਅੰਮ੍ਰਿਤਸਰ) ਵਿਖੇ ਉਨ੍ਹਾਂ ਦੀ ਰਿਹਾਇਸ਼ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ ਕਰਕੇ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਤਾਂ ਜੋ ਉਹ ਪ੍ਰਦਰਸ਼ਨ 'ਚ ਨਾ ਪੁੱਜ ਸਕਣ।
