ਮਜ਼ਦੂਰੀ ਕਰਨ ਗਏ ਮੁੰਡੇ ਦੀ ਕੁੱਟਮਾਰ ਤੋਂ ਬਾਅਦ ਮੌਤ, ਪੁਲਸ ਨੇ ਸ਼ੁਰੂ ਕੀਤੀ ਜਾਂਚ
Wednesday, Jul 29, 2026 - 03:32 PM (IST)
ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਨੇੜਲੇ ਪਿੰਡ ਸਹਿਜੋ ਮਾਜਰਾ ਦਾ ਵਾਸੀ ਅਸ਼ੋਕ ਕੁਮਾਰ (16) ਜੋ ਕਿ ਮਜ਼ਦੂਰੀ ਕਰਨ ਲਈ ਠੇਕੇਦਾਰ ਨਾਲ ਡੇਰਾ ਬਾਬਾ ਨਾਨਕ ਗਿਆ ਸੀ, ਉੱਥੇ ਝਗੜੇ ਤੋਂ ਬਾਅਦ ਹੋਈ ਕੁੱਟਮਾਰ ਤੋਂ ਬਾਅਦ ਉਸਦੀ ਮੌਤ ਹੋ ਗਈ। ਇਸ ’ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਗੰਗਾ ਰਾਮ ਨੇ ਦੱਸਿਆ ਕਿ ਉਸਦਾ ਪੁੱਤਰ ਅਸ਼ੋਕ ਕੁਮਾਰ ਬੀਤੇ ਦਿਨ ਠੇਕੇਦਾਰ ਨਾਲ ਡੇਰਾ ਬਾਬਾ ਨਾਨਕ (ਬਟਾਲਾ) ਵਿਖੇ ਗੋਦਾਮਾਂ 'ਚ ਕਣਕ ਦੀ ਢੋਆ-ਢੁਆਈ ਲਈ ਗਿਆ ਸੀ। ਉੱਥੇ ਆਪਸ 'ਚ ਮਜ਼ਦੂਰ ਲੜ ਪਏ, ਜਿਸ ਕਾਰਨ ਅਸ਼ੋਕ ਕੁਮਾਰ ਦੇ ਗੁੱਝੀਆਂ ਸੱਟਾਂ ਲੱਗੀਆਂ। ਇਲਾਜ ਲਈ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਮੁੱਢਲੀ ਸਹਾਇਤਾ ਦੌਰਾਨ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਅਸ਼ੋਕ ਕੁਮਾਰ ਬੀਤੀ ਦੇਰ ਸ਼ਾਮ ਮਜ਼ਦੂਰੀ ਕਰਨ ਤੋਂ ਬਾਅਦ ਵਾਪਸ ਘਰ ਆ ਗਿਆ ਅਤੇ ਅੱਜ ਸਵੇਰੇ ਉਸਦੀ ਘਰ 'ਚ ਹੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਲੜਾਈ ਦੌਰਾਨ ਉਸਦੇ ਸਰੀਰ ਅੰਦਰ ਗੁੱਝੀਆਂ ਸੱਟਾਂ ਲੱਗੀਆਂ, ਜਿਸ ਕਾਰਨ ਉਸਦੀ ਮੌਤ ਹੋਈ। ਇਸ ਸਬੰਧੀ ਮਾਛੀਵਾੜਾ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਮੌਕੇ ’ਤੇ ਡੀ. ਐੱਸ. ਪੀ. ਸਮਰਾਲਾ ਅਤੇ ਥਾਣਾ ਮੁਖੀ ਮਾਛੀਵਾੜਾ ਸਬ-ਇੰਸਪੈਕਟਰ ਚਰਨਜੀਤ ਸਿੰਘ ਵੀ ਪੁੱਜੇ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਘਟਨਾ ਸਬੰਧੀ ਡੇਰਾ ਬਾਬਾ ਨਾਨਕ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਹ ਜਲਦ ਹੀ ਮੌਕੇ ’ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਅਸ਼ੋਕ ਕੁਮਾਰ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਡੇਰਾ ਬਾਬਾ ਨਾਨਕ ਦੀ ਪੁਲਸ ਵਲੋਂ ਆ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
2 ਮਹੀਨੇ ਬਾਅਦ ਅਸ਼ੋਕ ਦਾ ਸੀ ਵਿਆਹ
ਪਰਿਵਾਰਕ ਮੈਂਬਰ ਨੇ ਦੱਸਿਆ ਕਿ ਅਸ਼ੋਕ ਕੁਮਾਰ ਦੀ ਮੰਗਣੀ ਹੋਈ ਸੀ ਅਤੇ 2 ਮਹੀਨੇ ਬਾਅਦ ਉਸ ਦਾ ਵਿਆਹ ਹੋਣਾ ਸੀ। ਅੱਜ ਜਵਾਨ ਪੁੱਤ ਦੀ ਮੌਤ ਹੋਣ ਕਾਰਨ ਪਰਿਵਾਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਜਿੱਥੇ ਉਸਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਣੀਆਂ ਸਨ, ਉੱਥੇ ਉਸਦੀ ਮੌਤ ਨਾਲ ਘਰ ਵਿਚ ਸੰਨਾਟਾ ਪੱਸਰ ਗਿਆ।
