ਪੁਲਸ ਮੁਲਾਜ਼ਮ ਨੇ ਹੋਟਲ ਚਲਾਉਣ ਵਾਲੀਆਂ 2 ਭੈਣਾਂ ਨਾਲ ਕੀਤੀ ਕੁੱਟਮਾਰ, ਵਾਇਰਲ ਹੋਈ ਵੀਡੀਓ
Tuesday, Aug 04, 2026 - 04:01 PM (IST)
ਜ਼ੀਰਕਪੁਰ (ਵੈੱਬ ਡੈਸਕ, ਅਸ਼ਵਨੀ) : ਇੱਥੇ ਬਲਟਾਣਾ ਸਥਿਤ ਹੋਟਲ 'ਚ ਪੁਲਸ ਦੀ ਕਾਰਵਾਈ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਹੋਟਲ ਚਲਾਉਣ ਵਾਲੀਆਂ 2 ਭੈਣਾਂ ਨੇ ਦੋਸ਼ ਲਾਇਆ ਹੈ ਕਿ ਸਬ ਇੰਸਪੈਕਟਰ ਹਰਜਿੰਦਰ ਸਿੰਘ ਵਲੋਂ ਹਰ ਮਹੀਨੇ 20 ਹਜ਼ਾਰ ਰੁਪਏ ਮਹੀਨਾ ਮੰਗਿਆ ਜਾਂਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੈਸੇ ਨਾ ਦੇਣ 'ਤੇ 29 ਜੁਲਾਈ ਦੀ ਰਾਤ ਨੂੰ ਪੁਲਸ ਮੁਲਾਜ਼ਮ ਹੋਟਲ ਅੰਦਰ ਵੜੇ ਅਤੇ ਦੋਹਾਂ ਭੈਣਾਂ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਸੀ. ਸੀ. ਟੀ. ਵੀ. ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਤੋਂ ਬਾਅਤ ਸਬ-ਇੰਸਪੈਕਟਰ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।
ਪੀੜਤ ਭੈਣਾਂ ਦਾ ਦਾਅਵਾ ਹੈ ਕਿ ਸਬ ਇੰਸਪੈਕਟਰ ਕੁੱਝ ਪੁਲਸ ਮੁਲਾਜ਼ਮਾਂ ਨਾਲ ਹੋਟਲ ਅੰਦਰ ਪੁੱਜਿਆ ਅਤੇ ਬਿਨਾਂ ਕੋਈ ਕਾਰਨ ਦੱਸੇ ਉਨ੍ਹਾਂ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਕਾਰਵਾਈ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੂੰ ਹੋਟਲ ਤੋਂ ਬਾਹਰ ਜਾਣ ਲਈ ਕਿਹਾ ਗਿਆ। ਪੀੜਤ ਭੈਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੀਨੀਅਰ ਪੁਲਸ ਅਧਿਕਾਰੀਆਂ ਤੱਕ ਆਪਣੀ ਸ਼ਿਕਾਇਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਦੋਸ਼ੀ ਪੁਲਸ ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ 'ਚ ਐੱਸ. ਐੱਸ. ਪੀ. ਮੋਹਾਲੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਏ. ਐੱਸ. ਪੀ. ਗਜਲਪ੍ਰੀਤ ਕੌਰ ਤੋਂ ਰਿਪੋਰਟ ਮੰਗੀ ਗਈ ਹੈ। ਰਿਪੋਰਟ 'ਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
