ਸਤਲੁਜ ਪੁਲ 'ਤੇ ਭਾਰੀ ਵਾਹਨਾਂ ਦੀ ਐਂਟਰੀ ਬੰਦ! ਦਿੱਤਾ 10 ਦਿਨਾਂ ਦਾ ਅਲਟੀਮੇਟਮ, ਪੜ੍ਹੋ ਪੂਰੀ ਖ਼ਬਰ
Tuesday, Aug 04, 2026 - 03:26 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਲਵਾ ਅਤੇ ਦੋਆਬੇ ਨੂੰ ਆਪਸ 'ਚ ਜੋੜਦੇ ਸਤਲੁਜ ਦਰਿਆ ’ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਸਲੈਬ ਧੱਸੀ ਹੋਈ ਹੈ। ਇਸ ਲਈ ਪ੍ਰਸ਼ਾਸਨ ਵਲੋਂ ਇਸ ਪੁਲ 'ਤੇ ਵੱਡੇ ਅਤੇ ਭਾਰੀ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਲੋਕਾਂ 'ਚ ਇਸ ਦੀ ਮੁਰੰਮਤ ਤੁਰੰਤ ਕਰਨ ਦੀ ਮੰਗ ਉੱਠੀ ਹੈ, ਉੱਥੇ ਰੋਹ ਵੀ ਵੱਧਦਾ ਜਾ ਰਿਹਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨਾਂ, ਟਰੱਕ ਆਪਰੇਟਰਾਂ, ਖੰਨਾ-ਨਵਾਂਸ਼ਹਿਰ ਮਾਰਗ ’ਤੇ ਸਥਿਤ ਢਾਬਾ ਮਾਲਕਾਂ ਅਤੇ ਦੁਕਾਨਦਾਰਾਂ ਨੇ ਮੀਟਿੰਗ ਕੀਤੀ, ਜਿਸ 'ਚ ਪ੍ਰਸ਼ਾਸਨ ਨੂੰ ਤੁਰੰਤ ਇਸ ਪੁਲ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ ਹੈ, ਉੱਥੇ ਹੀ 10 ਦਿਨਾਂ ਦਾ ਅਲਟੀਮੇਟਮ ਵੀ ਦਿੱਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਇਸ ਪ੍ਰਤੀ ਗੰਭੀਰਤਾ ਨਾ ਦਿਖਾਈ ਤਾਂ ਉਹ ਵੱਡਾ ਸੰਘਰਸ਼ ਉਲੀਕਣਗੇ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਤਲੁਜ ਦਰਿਆ ’ਤੇ ਬਣਿਆ ਪੁਲ 2006 'ਚ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ 20 ਸਾਲਾਂ 'ਚ ਘੱਟੋ-ਘੱਟੋ 7 ਵਾਰ ਇਸ ਦੀ ਸਲੈਬ ਧੱਸ ਚੁੱਕੀ ਹੈ, ਜਿਸ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਪੌਣੇ 2 ਸਾਲ ਹੋ ਗਏ, ਇਸ ਪੁਲ ਦੀ ਸਲੈਬ ਧੱਸੀ ਨੂੰ ਪਰ ਲੋਕ ਨਿਰਮਾਣ ਵਿਭਾਗ ਵਲੋਂ ਇਸਦੀ ਮੁਰੰਮਤ ਕਰਨ ਦੀ ਬਜਾਏ ਵੱਡੇ ਗਾਰਡਰ ਲਗਾ ਕੇ ਕੇਵਲ ਕਾਰਾਂ ਨੂੰ ਲੰਘਣ ਦਿੱਤਾ ਜਾ ਰਿਹਾ ਹੈ, ਜਦੋਂ ਕਿ ਵੱਡੇ ਵਾਹਨਾਂ ਲਈ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਵੀ ਸਰਕਾਰੀ ਬੱਸਾਂ ਬੰਦ, ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਤਾਜ਼ਾ ਅਪਡੇਟ
ਉਨ੍ਹਾਂ ਕਿਹਾ ਕਿ ਪੁਲ ਦੇ ਗਾਰਡਰ ਲਗਾਉਣ ਕਾਰਨ ਦਰਿਆ ਦੇ ਆਰ-ਪਾਰ ਜੋ ਕਿਸਾਨ ਹਨ, ਉਨ੍ਹਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ ਕਿਉਂਕਿ ਉਨ੍ਹਾਂ ਦੇ ਵੱਡੇ ਖੇਤੀਬਾੜੀ ਸੰਦ, ਗੰਨੇ ਨਾਲ ਭਰੀਆਂ ਟਰੈਕਟਰ-ਟਰਾਲੀਆਂ ਨਹੀਂ ਲੰਘ ਰਹੀਆਂ, ਜਿਸ ਕਾਰਨ ਉਹ ਪਰੇਸ਼ਾਨ ਹੋ ਰਹੇ ਹਨ। ਇਸ ਤੋਂ ਇਲਾਵਾ ਇਕੱਤਰ ਹੋਏ ਟਰਾਂਸਪੋਰਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਰੋਜ਼ਾਨਾ ਹਜ਼ਾਰਾਂ ਵਾਹਨ ਲੱਖਾਂ ਰੁਪਏ ਦਾ ਵਾਧੂ ਡੀਜ਼ਲ ਫੂਕ ਕੇ ਵਾਇਆ ਰੋਪੜ-ਲੁਧਿਆਣਾ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਪਿਆ ਹੈ। ਦੂਸਰੇ ਪਾਸੇ ਖੰਨਾ-ਨਵਾਂਸ਼ਹਿਰ ਮਾਰਗ ਦੇ ਦੁਕਾਨਦਾਰਾਂ ਅਤੇ ਢਾਬਾ ਮਾਲਕਾਂ ਨੇ ਕਿਹਾ ਕਿ ਪੁਲ ਬੰਦ ਹੋਣ ਕਾਰਨ ਇਸ ਰੋਡ ’ਤੇ ਆਵਾਜਾਈ ਬਹੁਤ ਘੱਟ ਗਈ ਹੈ, ਇਸ ਲਈ ਤੁਰੰਤ ਪੁਲ ਦੀ ਮੁਰੰਮਤ ਕੀਤੀ ਜਾਵੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਪੁਲ ਦੇ ਦੋਵੇਂ ਪਾਸੇ ਖੜ੍ਹੀਆਂ ਸਵਾਰੀਆਂ ਵੀ ਪ੍ਰਸ਼ਾਸਨ ਨੂੰ ਕੋਸ ਰਹੀਆਂ ਸਨ ਕਿ ਬੱਸਾਂ ਨਹੀਂ ਲੰਘ ਰਹੀਆਂ ਅਤੇ ਉਨ੍ਹਾਂ ਨੂੰ ਮੀਂਹ, ਧੁੱਪ 'ਚ ਪੁਲ ਦੇ ਆਰ-ਪਾਰ ਜਾਣ ਲਈ ਪੈਦਲ ਜਾਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਮੀਟਿੰਗ 'ਚ ਇਹ ਫ਼ੈਸਲਾ ਕੀਤਾ ਗਿਆ ਕਿ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਪੁਲ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਜਾਵੇਗੀ ਅਤੇ ਜੇਕਰ ਪ੍ਰਸ਼ਾਸਨ ਵਲੋਂ ਠੋਸ ਕਦਮ ਨਾ ਚੁੱਕੇ ਗਏ ਤਾਂ ਸਾਰੀਆਂ ਕਿਸਾਨ ਯੂਨੀਅਨਾਂ, ਦੁਕਾਨਦਾਰ, ਟਰੱਕ ਆਪਰੇਟਰਾਂ ਅਤੇ ਲੋਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਉਲੀਕੀਆ ਜਾਵੇਗਾ।
ਇਹ ਵੀ ਪੜ੍ਹੋ : ਪਾਵਰਕਾਮ ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਰਾਹਤ ਭਰਿਆ ਫ਼ੈਸਲਾ
50 ਫੁੱਟ ਲੰਬੀ ਧੱਸੀ ਹੋਈ ਪੁਲ ਦੀ ਸਲੈਬ ਦੀ ਮੁਰੰਮਤ ਲਈ ਪੌਣੇ 2 ਸਾਲ ਲੰਘ ਗਏ
ਸਤਲੁਜ ਦਰਿਆ ’ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਸਲੈਬਾਂ ਦੀ ਮੁਰੰਮਤ ਹੁਣ ਤੱਕ 6 ਤੋਂ 7 ਵਾਰ ਹੋ ਚੁੱਕੀ ਹੈ। ਪਹਿਲਾਂ ਤਾਂ ਪ੍ਰਸ਼ਾਸਨ ਵਲੋਂ ਇਸ ਦੀ ਮੁਰੰਮਤ ਕੁਝ ਮਹੀਨਿਆਂ ਵਿਚ ਹੀ ਕਰਵਾ ਦਿੱਤੀ ਜਾਂਦੀ ਸੀ ਪਰ ਹੁਣ ਸਿਰਫ 50 ਫੁੱਟ ਲੰਬੀ ਸਲੈਬ ਹੈ, ਜਿਸ ’ਚੋਂ ਕੁੱਝ ਹਿੱਸਾ ਧਸਿਆ ਹੋਇਆ ਹੈ ਪਰ ਉਸਦੀ ਮੁਰੰਮਤ ਲਈ ਪੌਣੇ 2 ਸਾਲ ਲੰਘ ਗਏ। ਪਹਿਲਾਂ ਤਾਂ ਸਲੈਬ ਦਾ ਧੱਸਿਆ ਕੁੱਝ ਹਿੱਸਾ ਬੈਰੀਕੇਡ ਲਗਾ ਕੇ ਰੋਕਿਆ ਸੀ, ਜਦਕਿ ਬਾਕੀ ਆਵਾਜਾਈ ਬਹਾਲ ਸੀ ਪਰ ਹੁਣ ਜਦੋਂ ਤੋਂ ਵੱਡੇ ਵਾਹਨਾਂ ਲਈ ਪੱਕੇ ਗਾਰਡਰ ਲਗਾ ਦਿੱਤੇ ਉਸ ਤੋਂ ਬਾਅਦ ਲੋਕਾਂ ਵਿਚ ਪਰੇਸ਼ਾਨੀ ਵੱਧਣੀ ਸ਼ੁਰੂ ਹੋ ਗਈ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਹ ਵੀ ਵੱਧ ਗਿਆ। ਟਰੱਕ ਆਪਰੇਟਰਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਲੋਕ ਨਿਰਮਾਣ ਵਿਭਾਗ ਕੋਲ ਫੰਡਾਂ ਦੀ ਘਾਟ ਹੈ ਤਾਂ ਉਹ ਪੁਲ ਉੱਪਰੋਂ ਲੰਘਣ ਲਈ ਟੈਕਸ ਦੇਣ ਨੂੰ ਤਿਆਰ ਹਨ ਪਰ ਇਸ ਦੀ ਮੁਰੰਮਤ ਕਰ ਦਿੱਤੀ ਜਾਵੇ। ਟਰੱਕ ਆਪਰੇਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਰੋਜ਼ਾਨਾ ਪ੍ਰਤੀ ਟਰੱਕ 3 ਹਜ਼ਾਰ ਤੋਂ 3500 ਰੁਪਏ ਵਾਧੂ ਖ਼ਰਚਾ ਪੈ ਰਿਹਾ ਹੈ, ਜਿਸ ਕਾਰਨ ਰੋਜ਼ਾਨਾਂ ਲੱਖਾਂ ਰੁਪਏ ਇਸ ਪੁਲ ਦੀ ਮੁਰੰਮਤ ਨਾ ਹੋਣ ਕਾਰਨ ਫਜੂਲ ਖਰਚ ਹੋ ਰਿਹਾ ਹੈ। ਇਸ ਲਈ ਸਰਕਾਰ ਲੋਕਾਂ ਦੀ ਮੁਸ਼ਕਲ ਨੂੰ ਦੇਖਦਿਆਂ ਤੁਰੰਤ ਪੁਲ ਦੀ ਮੁਰੰਮਤ ਕਰਵਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
