ਟਰਾਂਸਪੋਰਟ ਵਿਭਾਗ ਦਾ ਅਚਨਚੇਤ ਨਾਕਾ, ਕਈ ਵਾਹਨਾਂ ਦੇ ਕੱਟੇ ਚਲਾਨ
Thursday, Aug 06, 2026 - 02:20 PM (IST)
ਮੋਹਾਲੀ (ਰਣਬੀਰ) : ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਸਰਵਉੱਚ ਤਰਜ਼ੀਹ ਦਿੰਦਿਆਂ ਟਰਾਂਸਪੋਰਟ ਵਿਭਾਗ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮੋਹਾਲੀ ਦੇ ਪ੍ਰਮੁੱਖ ਵਿਦਿਅਕ ਅਦਾਰਿਆਂ ਨੇੜੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਸਰਕਾਰ ਦੀ ਸੇਫ ਸਕੂਲ ਵ੍ਹੀਕਲ ਪਾਲਿਸੀ ਤੇ ਮੋਟਰ ਵ੍ਹੀਕਲ ਐਕਟ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਚਲਾਨ ਕੀਤੇ ਗਏ। ਇਹ ਚੈਕਿੰਗ ਮਾਪਿਆਂ ਤੇ ਆਮ ਲੋਕਾਂ ਵੱਲੋਂ ਸਕੂਲਾਂ ਦੇ ਖੁੱਲ੍ਹਣ ਅਤੇ ਛੁੱਟੀ ਸਮੇਂ ਆਵਾਜਾਈ ਪ੍ਰਬੰਧਾਂ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਯਾਦਵਿੰਦਰਾ ਪਬਲਿਕ ਸਕੂਲ (ਵਾਈ. ਪੀ. ਐੱਸ.) ਤੇ ਲਾਰੈਂਸ ਪਬਲਿਕ ਸਕੂਲ ਦੇ ਆਲੇ-ਦੁਆਲੇ ਕੀਤੀ ਗਈ।
ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਖੇਤਰੀ ਟਰਾਂਸਪੋਰਟ ਅਫ਼ਸਰ (ਆਰ. ਟੀ. ਓ.) ਮੋਹਾਲੀ ਹਰਪ੍ਰੀਤ ਸਿੰਘ ਅਟਵਾਲ ਨੇ ਕੀਤੀ। ਉਨ੍ਹਾਂ ਦੇ ਨਾਲ ਸਹਾਇਕ ਖੇਤਰੀ ਟਰਾਂਸਪੋਰਟ ਅਫ਼ਸਰ (ਏ. ਆਰ. ਟੀ. ਓ.) ਗਗਨਦੀਪ ਸਿੰਘ ਤੇ ਰੋਹਿਤ ਗਰਗ ਵੀ ਮੌਜੂਦ ਸਨ। ਚੈਕਿੰਗ ਦੌਰਾਨ ਸਕੂਲੀ ਬੱਸਾਂ, ਨਿੱਜੀ ਵੈਨਾਂ, ਆਟੋ-ਰਿਕਸ਼ਿਆਂ ਤੇ ਵਿਦਿਆਰਥੀਆਂ ਦੀ ਢੋਆ-ਢੁਆਈ ਕਰਨ ਵਾਲੇ ਹੋਰ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਮੌਕੇ ’ਤੇ ਹੀ ਚਲਾਨ ਕੀਤੇ ਗਏ। ਉਨ੍ਹਾਂ ਸਕੂਲ ਪ੍ਰਬੰਧਕਾਂ, ਵਾਹਨ ਆਪਰੇਟਰਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੀ ਆਵਾਜਾਈ ਲਈ ਕੇਵਲ ਨਿਯਮਾਂ ਅਨੁਸਾਰ ਅਧਿਕਾਰਤ ਅਤੇ ਸੁਰੱਖਿਅਤ ਵਾਹਨਾਂ ਦੀ ਹੀ ਵਰਤੋਂ ਕੀਤੀ ਜਾਵੇ।
