ਤੇਜ਼ ਰਫਤਰ ਟਰੱਕ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

Saturday, Aug 19, 2017 - 05:43 PM (IST)

ਤੇਜ਼ ਰਫਤਰ ਟਰੱਕ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ


ਬਟਾਲਾ/ਜੈਂਤੀਪੁਰ/ਅਲੀਵਾਲ(ਬੇਰੀ, ਰੰਧਾਵਾ, ਸ਼ਰਮਾ)- ਬਟਾਲਾ-ਫਤਿਹਗੜ੍ਹ ਚੂੜੀਆਂ ਰੋਡ ਸਥਿਤ ਅਲੀਵਾਲ ਪੈਟਰੋਲ ਪੰਪ ਨੇੜੇ ਟਰੱਕ ਹੇਠਾਂ ਆਉਣ ਨਾਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ।
ਇਸ ਘਟਨਾ ਸਬੰਧੀ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ 10 ਵਜੇ ਦੇ ਕਰੀਬ ਗੁਰਪ੍ਰੀਤ ਸਿੰਘ ਮਿੱਠੂ ਪੁੱਤਰ ਪਰਮਜੀਤ ਸਿੰਘ ਵਾਸੀ ਸੱਲੋ ਤਹਿਸੀਲ ਬਟਾਲਾ ਆਪਣੇ ਲਾਲ ਰੰਗ ਦੇ ਪਲਸਰ ਮੋਟਰਸਾਈਕਲ ਬਿਨਾਂ ਨੰਬਰੀ 'ਤੇ ਤੇਲ ਪੁਆ ਕੇ ਬਟਾਲਾ ਵੱਲ ਆ ਰਿਹਾ ਸੀ ਕਿ ਬਟਾਲਾ-ਫਤਿਹਗੜ੍ਹ ਚੂੜੀਆਂ ਰੋਡ ਸਥਿਤ ਪੈਟਰੋਲ ਪੰਪ ਨੇੜੇ ਪਹੁੰਚਿਆ ਤਾਂ ਅਚਾਨਕ ਅਲੀਵਾਲ ਵਲੋਂ ਆਏ ਇਕ ਤੇਜ਼ ਰਫਤਾਰ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਸੜਕ 'ਤੇ ਡਿੱਗ ਪਿਆ ਅਤੇ ਟਰੱਕ ਹੇਠਾਂ ਆਉਣ ਨਾਲ ਇਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਨੇ ਟਰੱਕ ਭਜਾ ਲਿਆ ਪਰ ਮੌਕੇ 'ਤੇ ਮੌਜੂਦ ਦੁਕਾਨਦਾਰਾਂ ਨੇ ਟਰੱਕ ਦਾ ਮੋਟਰਸਾਈਕਲ 'ਤੇ ਪਿੱਛਾ ਕਰਦਿਆਂ ਟਰੱਕ ਨੂੰ ਕੁਝ ਦੂਰੀ 'ਤੇ ਜਾ ਕੇ ਘੇਰ ਲਿਆ। 
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਲੀਵਾਲ ਦੇ ਏ. ਐੱਸ. ਆਈ ਹਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਅਤੇ ਮ੍ਰਿਤਕ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਹੈ।


Related News