ਪਾਬੰਦੀਸ਼ੁਦਾ ਪਲਾਸਟਿਕ ਡੋਰ ਦੀ ਲਪੇਟ ’ਚ ਆਉਣ ਕਰ ਕੇ ਨੌਜਵਾਨ ਦੇ ਗੱਲ ’ਤੇ ਲੱਗਿਆ ਕੱਟ
Thursday, Dec 25, 2025 - 01:43 PM (IST)
ਸੰਗਰੂਰ (ਸਿੰਗਲਾ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੀ ਤਰਜ ਤੇ ਸ਼ਹਿਰਾਂ ਅਤੇ ਪਿੰਡਾਂ ’ਚ ਵਿਕਣ ਵਾਲੀ ਚਾਈਨਾ ਡੋਰ ਜਾਣੀ ਕਿ ਪਲਾਸਟਿਕ ਡੋਰ ਦੇ ਖਿਲਾਫ ਇਕ ਤਕੜੀ ਮੁਹਿੰਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਡੋਰ ਨਾਲ ਪਿਛਲੇ ਕਈ ਸਾਲਾਂ ਤੋਂ ਜਿੱਥੇ ਬਹੁਤ ਲੋਕਾਂ ਨੂੰ ਸਰੀਰਕ ਨੁਕਸਾਨ ਪੁੱਜਿਆ ਅਤੇ ਕਈ ਲੋਕਾਂ ਦੀ ਮੌਤ ਵੀ ਹੋ ਗਈ, ਉੱਥੇ ਇਸ ਡੋਰ ਨੇ ਪੰਛੀਆਂ ਦਾ ਵੀ ਜਾਨੀ ਨੁਕਸਾਨ ਕੀਤਾ ਹੈ।
ਚਾਈਨਾ ਡੋਰ ਦਾ ਪ੍ਰਕੋਪ ਅੱਜ ਦੇ ਸਮਾਜ ਲਈ ਇਕ ਗੰਭੀਰ ਅਤੇ ਚਿੰਤਾਜਨਕ ਸਮੱਸਿਆ ਬਣ ਚੁੱਕਾ ਹੈ। ਚਾਈਨਾ ਡੋਰ ਨਾਇਲੋਨ ਜਾਂ ਪਲਾਸਟਿਕ ਦੀ ਬਣੀ ਹੁੰਦੀ ਹੈ, ਜਿਸ ’ਤੇ ਕੱਚ ਜਾਂ ਧਾਤੂ ਦੇ ਬਹੁਤ ਬਰੀਕ ਕਣ ਲੱਗੇ ਹੁੰਦੇ ਹਨ। ਹਰ ਸਾਲ ਤਿਉਹਾਰਾਂ ਦੇ ਸਮੇਂ, ਖਾਸ ਕਰ ਕੇ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਕਾਰਨ ਅਨੇਕਾਂ ਹਾਦਸੇ ਵਾਪਰਦੇ ਹਨ। ਮੋਟਰਸਾਈਕਲ ਸਵਾਰਾਂ ਅਤੇ ਸਾਈਕਲ ਚਲਾਉਣ ਵਾਲਿਆਂ ਦੀਆਂ ਗਰਦਨਾਂ ਕੱਟ ਜਾਣੀਆਂ, ਗੰਭੀਰ ਜ਼ਖਮ ਹੋ ਜਾਣੇ ਜਾਂ ਮੌਤ ਤੱਕ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸ ਤੋਂ ਇਲਾਵਾ, ਪੰਛੀ ਇਸ ਡੋਰ ’ਚ ਫਸ ਕੇ ਆਪਣੇ ਪਰ ਜਾਂ ਗਰਦਨ ਗਵਾ ਬੈਠਦੇ ਹਨ, ਜਿਸ ਨਾਲ ਵਾਤਾਵਰਣ ਨੂੰ ਭਾਰੀ ਨੁਕਸਾਨ ਪੈਂਦਾ ਹੈ। ਚਾਈਨਾ ਡੋਰ ਸਿਰਫ ਖਤਰਨਾਕ ਹੀ ਨਹੀਂ, ਸਗੋਂ ਇਹ ਵਾਤਾਵਰਣ ਲਈ ਵੀ ਹਾਨੀਕਾਰਕ ਹੈ।
ਸਰਕਾਰ ਵੱਲੋਂ ਚਾਈਨਾ ਡੋਰ ’ਤੇ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਲਾਲਚ ਅਤੇ ਲਾਪ੍ਰਵਾਹੀ ਕਾਰਨ ਇਸ ਦੀ ਗੈਰ-ਕਾਨੂੰਨੀ ਵਿਕਰੀ ਅਤੇ ਵਰਤੋਂ ਜਾਰੀ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਦੋ ਵਜੇ ਦੇ ਕਰੀਬ ਚਿੰਤਪੁਰਨੀ ਮੰਦਰ ਨਜ਼ਦੀਕ ਲੰਘ ਰਿਹਾ ਸੀ ਤਾਂ ਹਵਾ ’ਚ ਉੜਦੀ ਇਹ ਪਾਬੰਦੀਸ਼ੁਦਾ ਚਾਈਨਾ ਡੋਰ ਗਲ ’ਚ ਫਸ ਗਈ। ਜਿਸ ਕਾਰਨ ਉਸ ਦੇ ਗਲ ’ਤੇ ਡੂੰਘਾ ਕੱਟ ਲੱਗ ਗਿਆ, ਇਸ ਕਰ ਕੇ ਉਸ ਨੂੰ ਡਾਕਟਰੀ ਸਹਾਇਤਾ ਲੈਣੀ ਪਈ ਅਤੇ ਇਸ ਡੋਰ ਉਸ ਤੋਂ ਬਾਅਦ ਇਕ ਹੋਰ ਵ੍ਹੀਕਲ ਸਵਾਰ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ।
ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲੇ ਵਿਅਕਤੀਆਂ ਦਾ ਹੱਲ ਸਖਤੀ ਨਾਲ ਕਰੇ ਪ੍ਰਸ਼ਾਸਨ
ਸੰਗਰੂਰ ਦੇ ਸਮਾਜ ਸੇਵੀ ਅਤੇ ਸਮਾਜ ਪ੍ਰਤੀ ਚਿੰਤਾ ਰੱਖਣ ਵਾਲੇ ਸਤਿੰਦਰ ਸਿੰਘ ਸੈਣੀ, ਐਡਵੋਕੇਟ ਦਲਜੀਤ ਸਿੰਘ ਸੇਖੋਂ, ਸਰਜੀਵਨ ਜਿੰਦਲ, ਅਨਿਲ ਕੁਮਾਰ ਗੋਇਲ, ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਚਾਈਨਾ ਡੋਰ ਦਾ ਪ੍ਰਕੋਪ ਹੁਣੇ ਤੋਂ ਇਨ੍ਹਾਂ ਵੱਧ ਗਿਆ ਹੈ ਕਿ ਇਸ ਨਾਲ ਹਾਦਸੇ ਵਾਪਰਨੇ ਸ਼ੁਰੂ ਹੋ ਗਏ ਹਨ। ਆਗੂਆਂ ਨੇ ਕਿਹਾ ਕਿ ਹਰ ਸ਼ਹਿਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚਾਈਨਾ ਡੋਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੇ ਅਤੇ ਪ੍ਰਸ਼ਾਸਨ ਆਪਣਾ ਫਰਜ਼ ਸਮਝਦਾ ਹੋਇਆ ਇਸ ਪਾਬੰਦੀਸ਼ੁਦਾ ਚਾਈਨਾ ਡੋਰ ਦੇ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਸਖਤੀ ਨਾਲ ਨਜਿੱਠੇ ਤਾਂ ਜੋ ਆਉਣ ਵਾਲੇ ਸਮੇਂ ’ਚ ਕਿਸੇ ਵੀ ਵਿਅਕਤੀ ਦੀ ਜਾਨ ਇਸ ਪਾਬੰਦੀਸ਼ੁਦਾ ਪਲਾਸਟਿਕ ਦੀ ਡੋਰ ਨਾਲ ਨਾ ਜਾਵੇ।
