ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਨੇ 35 ਦਿਨ ਬਾਅਦ ਤੋੜਿਆ ਦਮ

10/29/2019 3:06:49 PM

ਜਲੰਧਰ (ਮਹੇਸ਼) : 35 ਦਿਨ ਚੱਲੇ ਇਲਾਜ ਤੋਂ ਬਾਅਦ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਧੀਣਾ ਦੇ ਵਸਨੀਕ ਵਿਲੀਅਮ ਪੁੱਤਰ ਵਿਕਟਰ ਮਸੀਹ ਨੇ ਪੀ. ਜੀ. ਆਈ. ਚੰਡੀਗੜ੍ਹ 'ਚ ਦਮ ਤੋੜ ਦਿੱਤਾ। ਉਸ ਦੀ ਮੌਤ ਨੂੰ ਲੈ ਕੇ ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਬੌਬੀ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ 'ਤੇ ਆਈ. ਪੀ. ਸੀ. ਦੀ ਧਾਰਾ 307 ਅਧੀਨ ਦਰਜ ਕੀਤੇ ਗਏ ਕੇਸ 'ਚ ਧਾਰਾ 302 ਦਾ ਵੀ ਵਾਧਾ ਕੀਤਾ ਗਿਆ ਹੈ। ਦਸਮੇਸ਼ ਨਗਰ ਗਿੱਲ ਰੋਡ ਲੁਧਿਆਣਾ ਵਾਸੀ ਮਲਿਕ ਕੁਮਾਰ ਪੁੱਤਰ ਸਤੀਸ਼ ਕੁਮਾਰ 'ਤੇ ਉਕਤ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਉਨ੍ਹਾਂ ਮਿਲ ਕੇ ਪੂਰਾ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ ਹੈ। ਪੀੜਤ ਪਰਿਵਾਰ ਦਾ ਦੋਸ਼ ਸੀ ਕਿ ਮੁਲਜ਼ਮ ਨੇ ਵਿਲੀਅਮ 'ਤੇ ਜਾਣਬੁੱਝ ਕੇ ਆਪਣੀ ਸਵਿਫਟ ਕਾਰ ਚੜ੍ਹਾਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਲਈ ਉਸ 'ਤੇ ਹੱਤਿਆ ਦਾ ਕੇਸ ਦਰਜ ਕੀਤਾ ਜਾਵੇ, ਜੋ ਕਿ ਪੁਲਸ ਨੇ ਵਿਲੀਅਮ ਦੀ ਮੌਤ ਤੋਂ ਤੁਰੰਤ ਬਾਅਦ ਹੀ ਦਰਜ ਕਰ ਲਿਆ।

ਵਿਲੀਅਮ ਚਾਰ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ। ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਕਿਹਾ ਕਿ ਐੱਸ. ਐੱਚ. ਓ. ਸਦਰ ਰੇਸ਼ਮ ਸਿੰਘ ਦੀ ਅਗਵਾਈ 'ਚ ਏ. ਐੱਸ. ਆਈ. ਸੁਸ਼ੀਲ ਕੁਮਾਰ ਸਣੇ ਪੁਲਸ ਪਾਰਟੀ ਮੁਲਜ਼ਮ ਦੀ ਗ੍ਰਿਫਤਾਰੀ ਲਈ ਲੁਧਿਆਣਾ ਵਿਖੇ ਸ਼ੱਕੀ ਥਾਵਾਂ 'ਤੇ ਰੇਡ ਕਰ ਰਹੇ ਹਨ। ਹੱਤਿਆ ਦੇ ਕੇਸ 'ਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਮੁਲਜ਼ਮ ਆਪਣੇ ਘਰ ਤੋਂ ਫਰਾਰ ਹੋ ਗਿਆ ਸੀ। ਹਾਦਸੇ ਦੇ ਸਮੇਂ ਪੁਲਸ ਨੇ ਮੁਲਜ਼ਮ 'ਤੇ ਸਿਰਫ ਐਕਸੀਡੈਂਟਲ ਦੀਆਂ ਹੀ ਧਾਰਾਵਾਂ ਲਾਈਆਂ ਸਨ। ਜੌਹਲ ਹਸਪਤਾਲ ਰਾਮਾਮੰਡੀ 'ਚ ਵਿਲੀਅਮ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ।


Anuradha

Content Editor

Related News