ਸਿਵਲ ਹਸਪਤਾਲ ਗੁਰਦਾਸਪੁਰ ਦੀ ਖ਼ਸਤਾ ਹਾਲਤ ਵੇਖ ਹੋਵੇਗੀ ਹੈਰਾਨੀ, ਕਿਵੇਂ ਮਿਲਿਆ ਵਧੀਆ ਹੋਣ ਦਾ ਖਿਤਾਬ
Tuesday, Sep 15, 2020 - 05:56 PM (IST)
ਗੁਰਦਾਸਪੁਰ - ਜਿਸ ਸਰਕਾਰੀ ਹਸਪਤਾਲ ਨੂੰ ਬੀਤੇ ਸਮੇਂ ’ਚ ਪੰਜਾਬ ਦਾ ਸਫਾਈ ਅਤੇ ਰੱਖ-ਰਖਾਅ ਸਬੰਧੀ ਸਭ ਤੋਂ ਬਿਹਤਰ ਹਸਪਤਾਲ ਚੁਣਿਆ ਗਿਆ ਸੀ, ਉਸ ਹਸਪਤਾਲ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਜਾਂ ਤਾਂ ਸਰਵੇ ਕਰਨ ਆਈ ਟੀਮ ਨੂੰ ਧੋਖਾ ਹੋ ਗਿਆ ਸੀ ਜਾਂ ਕੁਝ ਸਮੇਂ ਲਈ ਸਿਵਲ ਹਸਪਤਾਲ ਗੁਰਦਾਸਪੁਰ ਨੂੰ ਸਫਾਈ ਸਬੰਧੀ ਚਮਕਾ ਦਿੱਤਾ ਗਿਆ ਸੀ ਕਿਉਂਕਿ ਅੱਜ ਜੋ ਹਾਲਤ ਹਸਪਤਾਲ ’ਚ ਵੇਖਣ ਨੂੰ ਮਿਲਦੇ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਸਪਤਾਲ ’ਚ ਦਾਖਲ ਹੋਣ ਵਾਲੀਆਂ ਗਰਭਵਤੀ ਔਰਤਾਂ ਨਾਲ ਖਿਲਵਾਡ਼ ਹੋ ਰਿਹਾ ਹੈ।
ਕੀ ਸਥਿਤੀ ਹੈ ਮਹਿਲਾ ਵਾਰਡ ਦੀ
ਸਿਵਲ ਹਸਪਤਾਲ ਗੁਰਦਾਸਪੁਰ ਵੈਸੇ ਤਾਂ 100 ਬੈੱਡ ਦਾ ਹਸਪਤਾਲ ਹੈ ਅਤੇ ਕੁਝ ਸਾਲ ਪਹਿਲਾਂ ਹੀ ਇਹ ਹਸਪਤਾਲ ਬਣਾਇਆ ਗਿਆ ਸੀ। ਇਸ ਹਸਪਤਾਲ ’ਚ ਸਭ ਤੋਂ ਜ਼ਿਆਦਾ ਖ਼ਰਾਬ ਸਥਿਤੀ ਮਹਿਲਾ ਵਾਰਡ ਦੀ ਹੈ। ਇਕ ਤਾਂ ਇਹ ਵਾਰਡ ਬਰਾਮਦੇ ’ਚ ਬਣਾਇਆ ਗਿਆ ਹੈ ਅਤੇ ਦੂਜਾ ਵਾਰਡ ’ਚੋਂ ਹੀ ਆਮ ਲੋਕਾਂ ਲਈ ਰਸਤਾ ਬਣਿਆ ਹੋਇਆ ਹੈ। ਇਸ ਵਾਰਡ ’ਚ ਬੱਚੇ ਨੂੰ ਜਨਮ ਦੇਣ ਵਾਲੀਆਂ ਅਤੇ ਬੱਚੇ ਨੂੰ ਜਨਮ ਦੇ ਚੁੱਕੀਆਂ ਔਰਤਾਂ ਨੂੰ ਰੱਖਿਆ ਜਾਂਦਾ ਹੈ ਪਰ ਇਸ ਵਾਰਡ ’ਚ ਲੱਗੇ ਬੈੱਡ ’ਤੇ ਪਈਆਂ ਚਾਦਰਾਂ ਨੂੰ ਵੇਖਿਆ ਜਾਵੇ ਤਾਂ ਜ਼ਿਆਦਾਤਰ ਬੈੱਡ ’ਤੇ ਸਰਕਾਰੀ ਚਾਦਰਾਂ ਹੀ ਨਹੀਂ ਹਨ ਅਤੇ ਲੋਕ ਆਪਣੇ ਘਰੋਂ ਚਾਦਰਾਂ ਆਦਿ ਲੈ ਕੇ ਆਉਂਦੇ ਹਨ। ਜਦੋਂਕਿ ਕੁਝ ਬੈੱਡ ’ਤੇ ਇਹ ਸਰਕਾਰੀ ਚਾਦਰਾਂ ਪਈਆਂ ਦਿਖਾਈਆਂ ਦਿੰਦੀਆਂ ਹਨ ਤਾਂ ਉਹ ਬਹੁਤ ਹੀ ਗੰਦੀਆਂ ਅਤੇ ਫਟੀਆਂ ਹੋਈਆਂ ਹਨ, ਜਿਸ ਕਾਰਣ ਇਸ ਵਾਰਡ ਦੀ ਹਾਲਤ ਬਹੁਤ ਖਰਾਬ ਹੈ। ਇਸ ਵਾਰਡ ’ਚ ਔਰਤਾਂ ਅਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰ ਜ਼ਮੀਨ ’ਤੇ ਬੈਠੇ ਗੱਪਾਂ ਮਾਰਦੇ ਅਤੇ ਖਾਣਾ ਆਦਿ ਖਾਂਦੇ ਆਮ ਵੇਖੇ ਜਾਂਦੇ ਹਨ ਅਤੇ ਇਸ ਵਾਰਡ ਕੋਲ ਬਾਥਰੂਮ ਨਾ ਹੋਣ ਕਾਰਣ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਸਪਤਾਲ ’ਚ ਸੋਸ਼ਲ ਡਿਸਟੈਂਸਿੰਗ ਦੀ ਸਥਿਤੀ
ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਕਈ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਨ ਲਈ ਸਿਹਤ ਵਿਭਾਗ ਜਾਗਰੂਕ ਕਰਨ ਦਾ ਦਾਅਵਾ ਕਰਦਾ ਹੈ। ਪਰ ਸਿਵਲ ਹਸਪਤਾਲ ਗੁਰਦਾਸਪੁਰ ਦੇ ਓ. ਪੀ. ਡੀ. ’ਚ ਕਾਫੀ ਭੀਡ਼ ਲੱਗੀ ਰਹਿੰਦੀ ਹੈ ਅਤੇ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਵੀ ਭਾਰੀ ਭੀਡ਼ ਰਹਿੰਦੀ ਹੈ। ਹਰ ਮਾਹਰ ਡਾਕਟਰ ਦੇ ਕਮਰੇ ’ਚ ਬਾਹਰ 20 ਤੋਂ 25 ਲੋਕ ਦਿਖਾਈ ਦਿੰਦੇ ਹਨ ਅਤੇ ਉਹ ਵੀ ਇਕ ਝੁੰਡ ’ਚ ਦਿਖਾਈ ਦਿੰਦੇ ਹਨ, ਕਿਤੇ ਵੀ ਸੋਸ਼ਲ ਡਿਸਟੈਂਸਿੰਗ ਦਿਖਾਈ ਨਹੀਂ ਦਿੰਦੀ। ਇਸ ਹਾਲਾਤ ’ਚ ਜਦੋਂ ਕੋਈ ਕੋਰੋਨਾ ਪੀਡ਼ਤ ਮਰੀਜ਼ ਇਸ ਭੀਡ਼ ’ਚ ਆ ਜਾਂਦਾ ਹੈ ਤਾਂ ਉਹ ਕਿੰਨੀ ਖਰਾਬੀ ਕਰੇਗਾ, ਇਹ ਸਿਹਤ ਵਿਭਾਗ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ।
ਰਿਸ਼ਵਤ ਖੋਰੀ ਦਾ ਦੋਸ਼ ਲਾਉਂਦੇ ਹਨ ਲੋਕ
ਮਾਹਰ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਭਾਰੀ ਭੀਡ਼ ਹਰ ਸਮੇਂ ਵੇਖਣ ਨੂੰ ਮਿਲਦੀ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਹਰ ਡਾਕਟਰ ਦੇ ਕਮਰੇ ਦੇ ਬਾਹਰ ਪ੍ਰਾਈਵੇਟ ਵਿਅਕਤੀ ਤਾਇਨਾਤ ਹੈ ਉਹ ਹੀ ਮਰੀਜ਼ਾਂ ਨੂੰ ਕਮਰੇ ’ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੰਦਾ ਹੈ। ਜਦੋਂ ਤੁਰੰਤ ਦਿਖਾਉਣਾ ਹੋਵੇ ਤਾਂ ਕਮਰੇ ਦੇ ਬਾਹਰ ਬੈਠੇ ਪ੍ਰਾਈਵੇਟ ਵਿਅਕਤੀ ਨੂੰ ਮੱਥਾ ਟੇਕਣਾ ਪੈਂਦਾ ਹੈ। ਗਰੀਬ ਲੋਕ ਕਈ-ਕਈ ਘੰਟੇ ਕਮਰੇ ਦੇ ਬਾਹਰ ਬੈਠੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਦੂਜਾ ਡਾਕਟਰਾਂ ਵੱਲੋਂ ਜ਼ਿਆਦਾਤਰ ਦਵਾਈ ਉਹ ਲਿਖੀ ਜਾਂਦੀ ਹੈ ਜੋ ਹਸਪਤਾਲ ਦੀ ਬਜਾਏ ਬਾਜ਼ਾਰ ਤੋਂ ਮਿਲਦੀ ਹੈ ਅਤੇ ਉਨ੍ਹਾਂ ਦੇ ਰੇਟ ਵੀ ਬਹੁਤ ਜ਼ਿਆਦਾ ਹੁੰਦੇ ਹਨ।
ਕੋਵਿਡ ਵਾਰਡ ਤਾਂ ਬਣਿਆ, ਪਰ ਉਸ ਦੀ ਵਰਤੋਂ ਨਹੀਂ ਹੋਈ
ਐਮਰਜੈਂਸੀ ਨਾਲ ਇਕ ਕੋਵਿਡ ਵਾਰਡ ਬਣਾਇਆ ਗਿਆ ਹੈ ਅਤੇ ਉਨ੍ਹਾਂ ’ਚ ਆਧੁਨਿਕ ਸਾਮਾਨ ਵੀ ਲਾਇਆ ਗਿਆ ਹੈ। ਪਰ ਅੱਜ ਤੱਕ ਇਹ ਵਾਰਡ ਕਿਸੇ ਕੰਮ ਨਹੀਂ ਆ ਰਿਹਾ ਹੈ।
ਖੁਦ ਹਸਪਤਾਲ ਜਾ ਕੇ ਜਿਥੇ-ਜਿਥੇ ਸੁਧਾਰ ਦੀ ਲੋੜ ਹੋਵੇਗੀ ਜ਼ਰੂਰ ਕਰਾਵਾਂਗਾ : ਸਿਵਲ ਸਰਜਨ
ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਖੁਦ ਹਸਪਤਾਲ ’ਚ ਜਾ ਕੇ ਸਥਿਤੀ ਦਾ ਜਾਇਜ਼ਾ ਲਵਾਂਗਾ ਅਤੇ ਜਿਥੇ-ਜਿਥੇ ਸੁਧਾਰ ਦੀ ਲੋੜ ਹੋਵੇਗੀ, ਉਥੇ ਸੁਧਾਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਕਿਸੇ ਪ੍ਰਾਈਵੇਟ ਵਿਅਕਤੀ ਨੂੰ ਨਹੀਂ ਖੜ੍ਹਾ ਹੋਣ ਦਿੱਤਾ ਜਾਵੇਗਾ ਅਤੇ ਕੋਸ਼ਿਸ਼ ਹੋਵੇਗੀ ਕਿ ਦਵਾਈਆਂ ਵੀ ਉਹ ਲਿਖੀਆਂ ਜਾਣ ਜੋ ਹਸਪਤਾਲ ’ਚ ਹੀ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਣ ਸਿਹਤ ਵਿਭਾਗ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਹੋਵੇ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।