ਸਾਬਕਾ ਸਿਵਲ ਸਰਜਨ ਨੇ ਜ਼ਮਾਨਤ ਲਈ ਖੇਡੀ ਚਾਲ ! ਹਾਈਕੋਰਟ ''ਚ ਪੇਸ਼ ਕੀਤਾ ਜਾਅਲੀ...

Saturday, Nov 22, 2025 - 01:42 PM (IST)

ਸਾਬਕਾ ਸਿਵਲ ਸਰਜਨ ਨੇ ਜ਼ਮਾਨਤ ਲਈ ਖੇਡੀ ਚਾਲ ! ਹਾਈਕੋਰਟ ''ਚ ਪੇਸ਼ ਕੀਤਾ ਜਾਅਲੀ...

ਤਰਨਤਾਰਨ(ਰਮਨ ਚਾਵਲਾ)- ਬੀਤੇ ਕੁਝ ਮਹੀਨੇ ਪਹਿਲਾਂ ਜ਼ਿਲਾ ਤਰਨਤਾਰਨ ਦੇ ਸੇਵਾ ਮੁਕਤ ਸਿਵਲ ਸਰਜਨ ਅਤੇ ਇਕ ਅਕਾਊਂਟੈਂਟ ਖ਼ਿਲਾਫ਼ ਆਪਸੀ ਮਿਲੀ ਭੁਗਤ ਕਰਕੇ ਫੰਡਾਂ ਦੀ ਦੁਰਵਰਤੋਂ ਕਰ ਅਣਅਧਿਕਾਰਿਤ ਤੌਰ ’ਤੇ ਸਰਕਾਰੀ ਪਾਲਸੀ ਅਤੇ ਰੂਲਾਂ ਖਿਲਾਫ ਜਾਣ ਸਬੰਧੀ ਥਾਣਾ ਸਿਟੀ ਤਰਨਤਾਰਨ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੇ ਸਬੰਧ ਵਿਚ ਹੇਠਲੀ ਅਦਾਲਤ ਤੋਂ ਜ਼ਮਾਨਤ ਅਰਜੀ ਰੱਦ ਹੋਣ ਤੋਂ ਬਾਅਦ ਹੁਣ ਸਾਬਕਾ ਸਿਵਲ ਸਰਜਨ ਕਮਲ ਪਾਲ ਸਿੱਧੂ ਵੱਲੋਂ ਮਾਨਯੋਗ ਹਾਈਕੋਰਟ ਦਾ ਰੁਖ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਮਾਨਤ ਲੈਣ ਲਈ ਮਾਨਯੋਗ ਹਾਈਕੋਰਟ ਵਿਚ ਜੋ ਡਿਸੇਬਲ ਸਰਟੀਫਿਕੇਟ ਪੇਸ਼ ਕੀਤਾ ਗਿਆ ਹੈ, ਉਸਦੇ ਜਾਅਲੀ ਹੋਣ ਦੇ ਸੰਕੇਤ ਪ੍ਰਾਪਤ ਹੋ ਰਹੇ ਹਨ। ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਕਮਲ ਪਾਲ ਸਿੱਧੂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ।

ਇਹ ਵੀ ਪੜ੍ਹੋ-ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ

ਜ਼ਿਲਾ ਤਰਨਤਾਰਨ ਦੇ ਮੌਜੂਦਾ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਪੁਰਾਣੇ ਸਿਵਲ ਸਰਜਨ ਡਾਕਟਰ ਕਮਲ ਪਾਲ ਸਿੱਧੂ ਜੋ ਇਸ ਵੇਲੇ ਸੇਵਾ ਮੁਕਤ ਹੋ ਚੁੱਕੇ ਹਨ, ਵੱਲੋਂ ਆਪਣੇ ਕਾਰਜਕਾਲ ਦੌਰਾਨ ਸਿਹਤ ਵਿਭਾਗ ਵਿਚ ਅਕਾਊਂਟੈਂਟ ਹਰਸ਼ਦੀਪ ਸਿੰਘ ਨਾਲ ਮਿਲੀ ਭਗਤ ਕਰਕੇ ਫੰਡਾਂ ਦੀ ਦੁਰਵਰਤੋਂ ਕਰਕੇ ਅਣਅਧਿਕਾਰਿਤ ਤੌਰ ’ਤੇ ਪਾਲਸੀ ਤੇ ਰੂਲਾਂ ਖਿਲਾਫ ਕੰਮ ਕੀਤੇ ਗਏ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼

ਇਸ ਦੌਰਾਨ ਪੁਲਸ ਵੱਲੋਂ ਕੀਤੀ ਗਈ ਪੱਤਰ ਨੰਬਰ 258 ਮਿਤੀ 29.01.25 ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਵੱਲੋਂ ਆਪਣੀ ਨੌਕਰੀ ਦੇ ਅਰਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਮੋਤੀਆਂ ਮੁੱਕਤ ਅਭਿਆਨ ਲਈ ਭੇਜੀ ਗਈ ਰਾਸ਼ੀ 29,30,953 /- ਰੁਪਏ, ਜੋ ਵਿਆਜ਼ ਸਮੇਤ 31,83,000 /- ਹੋ ਗਏ ਸਨ ਦੀ ਉਸ ਸਮੇਂ ਦੇ ਸਿਵਲ ਸਰਜਨ ਤਰਨਤਾਰਨ ਡਾ. ਕਮਲਪਾਲ (ਸੇਵਾ ਮੁਕਤ) ਅਤੇ ਹਰਸ਼ਦੀਪ ਸਿੰਘ, ਅਕਾਊਂਟ ਅਫਸਰ ਤਰਨਤਾਰਨ ਨੇ ਮਿਲੀ ਭੁਗਤ ਕਰਕੇ ਫੰਡਾ ਦੀ ਦੁਰਵਰਤੋਂ ਕਰਕੇ ਅਣਅਧਿਕਾਰਿਤ ਤੌਰ ’ਤੇ ਪਾਲਸੀ ਤੇ ਰੂਲਾਂ ਖਿਲਾਫ ਜਾ ਕੇ ਇਕ ਦਿਨ ਵਿਚ ਹੀ ਇਕੋ ਫਰਮ ਤੋਂ ਕੁੱਲ ਰੁਪਏ 31,59,067 /- ਦੇ ਅੱਖਾਂ ਵਿਚ ਪਾਉਣ ਵਾਲੇ 1800 ਦੇ ਕਰੀਬ ਲੈਂਸਾ ਦੀ ਖ੍ਰੀਦ ਕੀਤੀ ਹੈ। ਖ੍ਰੀਦ ਕਰਨ ਲਈ ਬਣਾਈ ਕਮੇਟੀ ਦੇ ਮੈਂਬਰਾਂ ਤੋਂ ਕੋਈ ਵੀ ਤਸਦੀਕ ਨਹੀਂ ਕਰਵਾਈ ਗਈ ਅਤੇ ਕਮੇਟੀ ਮੈਂਬਰਾਂ ਦੇ ਦਸਤਖਤ ਵੀ ਜਾਅਲੀ ਪ੍ਰਤੀਤ ਹੁੰਦੇ ਹਨ, ਕਿਉਂਕਿ ਕਈ ਮੈਂਬਰਾਂ ਨੇ ਕਮੇਟੀ ਗਠਨ ਦੇ ਹੁਕਮਾਂ ’ਤੇ ਹੋਏ ਉਨ੍ਹਾਂ ਦੇ ਦਸਤਖਤ ਉਨ੍ਹਾਂ ਕੀਤੇ ਸਨ ਤੋਂ ਇਨਕਾਰੀ ਕੀਤੀ ਹੈ। ਇਸ ਤੋਂ ਇਲਾਵਾ ਡਿਸਪੈਚ ਰਜਿਸਟਰ ਨਵਾਂ ਲਗਾਉਣਾ, ਬਿਨਾਂ ਟੈਂਡਰ ਸੱਦੇ ਖ੍ਰੀਦ ਕਰਨੀ, ਫੰਡਸ ਸਰਕਾਰ ਦੀ ਮੰਗ ’ਤੇ ਵੀ ਵਾਪਸ ਨਾ ਕਰਨਾ, ਬਿਲ ‘ਆਪ’ ਪਾਸ ਕਰਨ ਹਿੱਤ 50,000 /- ਤੋਂ ਘੱਟ ਰਾਸ਼ੀ ਦੇ 66 ਬਿਲ ਇਕੋ ਮਿਤੀ ਨੂੰ ਹੀ ਤਿਆਰ ਕਰਵਾਉਣ ਲਈ ਨੋਡਲ ਅਫਸਰ ਨੂੰ ਸਾਰੀ ਪ੍ਰਕ੍ਰਿਆ ਵਿਚ ਸ਼ਾਮਲ ਨਾ ਕਰਨਾ, ਮਾਡਲ ਕੋਡ ਆਫ ਕੰਡਕੇਟ ਦੀ ਉਲੰਘਣਾ, ਫੰਡਸ ਦੀ ਦੁਰ ਵਰਤੋਂ ਆਦਿ ਵੀ ਉਕਤ ਪਬਲਿਕ ਸਰਵੈਂਟ ਅਧਿਕਾਰੀਆਂ ਦੀ ਬਦਨੀਯਤੀ ਸਾਬਤ ਕਰਦਾ ਹੈ। ਇਸ ਖਰੀਦ ਕਰਨ ਸਬੰਧੀ ਬਣਾਈ ਗਈ ਕਮੇਟੀ ਵਿਚ ਅੱਖਾਂ ਦੇ ਸਰਜਨ ਅਤੇ ਜ਼ਿਲਾ ਫੈਮਲੀ ਪਲਾਨਿੰਗ ਅਫਸਰ ਡਾਕਟਰ ਅਸ਼ੀਸ਼ ਗੁਪਤਾ ਤੋਂ ਇਲਾਵਾ ਕੁਝ ਹੋਰ ਮੈਂਬਰ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ

ਇਸ ਦਰਜ ਕੀਤੇ ਗਏ ਮਾਮਲੇ ਤੋਂ ਬਾਅਦ ਸਾਬਕਾ ਸਿਵਲ ਸਰਜਨ ਕਮਲ ਪਾਲ ਸਿੱਧੂ ਵੱਲੋਂ ਤਰਨਤਾਰਨ ਅਦਾਲਤ ਵਿਚ ਜ਼ਮਾਨਤ ਲਈ ਅਰਜੀ ਦਾਇਰ ਕੀਤੀ ਗਈ ਸੀ, ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਕਮਲ ਪਾਲ ਸਿੱਧੂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਪਣੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ਦੀ ਮਾਨਯੋਗ ਅਦਾਲਤ ਵੱਲੋਂ ਸੁਣਵਾਈ ਲਗਾਤਾਰ ਜਾਰੀ ਰੱਖੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੀ 30 ਸਤੰਬਰ ਨੂੰ ਮਾਨਯੋਗ ਅਦਾਲਤ ਵੱਲੋਂ ਮੌਕੇ ਦੇ ਮੌਜੂਦਾ ਸਿਵਲ ਸਰਜਨ ਪਾਸੋਂ ਸਾਰਾ ਰਿਕਾਰਡ ਅਤੇ ਹੋਰ ਦਸਤਾਵੇਜ਼ ਸਬੰਧੀ ਐਫੀਡੇਵਿਟ ਰਾਹੀਂ ਜਾਣਕਾਰੀ ਮੰਗੀ ਗਈ ਸੀ, ਜਿਸ ਦੇ ਸਬੰਧ ਵਿਚ ਬੀਤੀ 18 ਨਵੰਬਰ ਨੂੰ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਆਪਣਾ ਹਲਫੀਆ ਬਿਆਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦੇ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ

ਪਤਾ ਲੱਗਾ ਹੈ ਕਿ ਕਮਲਪਾਲ ਸਿੱਧੂ ਵੱਲੋਂ ਆਪਣੀ ਜ਼ਮਾਨਤ ਲਈ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ 70 ਫੀਸਦੀ ਅਪਾਹਿਜ ਹੋਣ ਸਬੰਧੀ ਡਿਸੇਬਲ ਸਰਟੀਫਿਕੇਟ ਦਿੱਤਾ ਗਿਆ ਹੈ ਜੋ ਅਪ੍ਰੈਲ 2022 ਦੌਰਾਨ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ 32 ਚੰਡੀਗੜ੍ਹ ਤੋਂ ਜਾਰੀ ਕੀਤਾ ਗਿਆ ਹੈ, ਉਹ ਜਾਅਲੀ ਹੋ ਸਕਦਾ ਹੈ ਕਿਉਂਕਿ ਇਸ ਦੀ ਪੁਲਸ ਵੱਲੋਂ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਰਟੀਫਿਕੇਟ ਚੰਡੀਗੜ੍ਹ ਦੇ ਮੈਡੀਕਲ ਕਾਲਜ ਹਸਪਤਾਲ ਦੇ ਰਿਕਾਰਡ ਵਿਚ ਦਰਜ ਨਹੀਂ ਹੈ। ਇਸ ਸਰਟੀਫਿਕੇਟ ਦੇ ਆਧਾਰ ਉਪਰ ਕਮਲਪਾਲ ਸਿੱਧੂ ਵੱਲੋਂ 58 ਸਾਲ ਦੀ ਨੌਕਰੀ ਤੋਂ ਸੇਵਾ ਮੁਕਤ ਹੋਣ ਸਮੇਂ ਇਸ ਸਰਟੀਫਿਕੇਟ ਦੇ ਆਧਾਰ ਉਪਰ 60 ਸਾਲ ਤੱਕ ਨੌਕਰੀ ਕੀਤੀ ਗਈ ਸੀ। ਇਸ ਜਾਅਲੀ ਸਰਟੀਫਿਕੇਟ ਦੇ ਆਧਾਰ ਉਪਰ ਮਾਨਯੋਗ ਅਦਾਲਤ ਨੂੰ ਗੁੰਮਰਾਹ ਕਰਨ ਅਤੇ ਸਰਕਾਰੀ ਨੌਕਰੀ ਦਾ ਲਾਭ ਲੈਣ ਸਬੰਧੀ ਕਮਲ ਪਾਲ ਸਿੱਧੂ ਦੀਆਂ ਮੁਸ਼ਕਿਲਾਂ ਆਉਣ ਵਾਲੇ ਸਮੇਂ ਵਿਚ ਹੋਰ ਵੱਧ ਸਕਦੀਆਂ ਹਨ।

ਇਸ ਸਬੰਧੀ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਵਿਚ ਉਹ 18 ਨਵੰਬਰ ਨੂੰ ਪੇਸ਼ ਹੋਏ ਸਨ, ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 17 ਦਸੰਬਰ ਨੂੰ ਰੱਖੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਅਦਾਲਤ ਨਾਲ ਜੁੜੇ ਹੋਣ ਕਰਕੇ ਉਹ ਹੋਰ ਕੋਈ ਵੀ ਜਾਣਕਾਰੀ ਨਹੀਂ ਦੇ ਸਕਦੇ ਹਨ। ਇਸ ਕੇਸ ਦੀ ਜਾਂਚ ਕਰ ਰਹੇ ਥਾਣਾ ਸਿਟੀ ਤਰਨਤਾਰਨ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਬਕਾ ਸਿਵਲ ਸਰਜਨ ਕਮਲ ਪਾਲ ਸਿੱਧੂ ਵੱਲੋਂ ਪੇਸ਼ ਕੀਤੇ ਗਏ ਸਰਟੀਫਿਕੇਟ ਦੀ ਪੁਲਸ ਵੱਲੋਂ ਵੱਖਰੇ ਤੌਰ ਉਪਰ ਜਾਂਚ ਕੀਤੀ ਜਾ ਰਹੀ ਹੈ, ਜਿਸ ਸਬੰਧੀ ਉਹ ਕੋਈ ਵੀ ਜਾਣਕਾਰੀ ਨਹੀਂ ਦੇ ਸਕਦੇ ਹਨ।


author

Shivani Bassan

Content Editor

Related News