ਗੁਰਦਾਸਪੁਰ ਗ੍ਰੇਨੇਡ ਹਮਲਾ ਮਾਮਲੇ ''ਚ ਵੱਡੀ ਸਫਲਤਾ! ਚਾਰ ਗ੍ਰਿਫਤਾਰ, ਹੈਂਡ ਗ੍ਰੇਨੇਡ ਤੇ ਪਿਸਤੌਲ ਬਰਾਮਦ

Monday, Dec 01, 2025 - 09:30 PM (IST)

ਗੁਰਦਾਸਪੁਰ ਗ੍ਰੇਨੇਡ ਹਮਲਾ ਮਾਮਲੇ ''ਚ ਵੱਡੀ ਸਫਲਤਾ! ਚਾਰ ਗ੍ਰਿਫਤਾਰ, ਹੈਂਡ ਗ੍ਰੇਨੇਡ ਤੇ ਪਿਸਤੌਲ ਬਰਾਮਦ

ਗੁਰਦਾਸਪੁਰ (ਹਰਮਨ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ  ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਪਾਕਿਸਤਾਨ ਦੇ ਆਈ.ਐੱਸ.ਆਈ.-ਸਮਰਥਿਤ ਅੱਤਵਾਦੀ ਨੈੱਟਵਰਕ ਵਿਰੁੱਧ  ਵੱਡੀ ਸਫਲਤਾ ਤਹਿਤ ਗੁਰਦਾਸਪੁਰ ਪੁਲਸ ਨੇ ਕਾਊਂਟਰ ਇੰਟੈਲੀਜੈਂਸ (ਸੀਆਈ) ਵਿੰਗ ਪੰਜਾਬ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਗੁਰਦਾਸਪੁਰ ਗ੍ਰਨੇਡ ਹਮਲੇ ਨਾਲ ਸਬੰਧਤ ਚਾਰ ਮੁਲਜ਼ਮਾਂ ਨੂੰ ਇੱਕ ਪੀ-86 ਹੈਂਡ ਗ੍ਰਨੇਡ ਅਤੇ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ।

PunjabKesari

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪ੍ਰਦੀਪ ਕੁਮਾਰ ਵਾਸੀ ਹੁਸ਼ਿਆਰਪੁਰ, ਗੁਰਦਿੱਤ ਵਾਸੀ ਗੁਰਦਾਸਪੁਰ, ਨਵੀਨ ਚੌਧਰੀ ਅਤੇ ਕੁਸ਼ ਦੋਵੇਂ ਵਾਸੀ ਤਲਵਾੜਾ (ਹੁਸ਼ਿਆਰਪੁਰ), ਵਜੋਂ ਹੋਈ ਹੈ। ਬਰਾਮਦ ਕੀਤੀਆਂ ਪਿਸਤੌਲਾਂ 2 ਪਿਸਤੌਲਾਂ ਵਿਚ- ਇੱਕ ਜ਼ਿਗਾਨਾ ਅਤੇ ਇੱਕ .32 ਬੋਰ ਸਮੇਤ ਜ਼ਿੰਦਾ ਕਾਰਤੂਸ ਸ਼ਾਮਲ ਹਨ। ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ (ਡੀਆਈਜੀ) ਬਾਰਡਰ ਰੇਂਜ ਸੰਦੀਪ ਗੋਇਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਦਾਸਪੁਰ ਪੁਲਸ ਸਟੇਸ਼ਨ ’ਤੇ ਹੋਏ ਗ੍ਰਨੇਡ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਦਾ ਆਈਐੱਸਆਈ-ਸਮਰਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀ ਜ਼ੀਸ਼ਾਨ ਅਖਤਰ ਨੇ ਆਪਣੇ ਅਮਰੀਕਾ ਦੇ ਹੈਂਡਲਰ  ਅਮਨਦੀਪ ਸਿੰਘ ਉਰਫ਼ ਅਮਨ ਪੰਨੂ , ਜੋ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਡੌਂਕੀ ਰੂਟ ਰਾਹੀਂ ਅਮਰੀਕਾ ਗਿਆ ਸੀ, ਦੀ ਸਹਾਇਤਾ ਨਾਲ ਰਚੀ ਸੀ । 

ਉਨ੍ਹਾਂ ਕਿਹਾ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਸ਼ਹਿਜ਼ਾਦ ਭੱਟੀ ਅਤੇ ਜ਼ੀਸ਼ਾਨ ਅਖਤਰ ਦੇ ਨਿਰਦੇਸ਼ਾਂ ’ਤੇ ਅਮਨ ਪੰਨੂ , ਸਰਹੱਦੀ ਸੂਬੇ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ  ਕਾਰਕੁੰਨਾਂ ਦੀ ਭਰਤੀ ਵੀ ਕਰ ਰਿਹਾ ਸੀ। ਇਹ ਜ਼ਿਕਰਯੋਗ ਹੈ ਕਿ ਇਸ ਮਾਡਿਊਲ ਨੇ 25 ਨਵੰਬਰ, 2025 ਨੂੰ ਸ਼ਾਮ 7.30 ਵਜੇ ਦੇ ਕਰੀਬ ਗੁਰਦਾਸਪੁਰ ਸਿਟੀ ਪੁਲਸ ਸਟੇਸ਼ਨ ’ਤੇ ਗ੍ਰਨੇਡ ਹਮਲਾ ਕੀਤਾ ਸੀ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਡੀਆਈਜੀ ਨੇ ਕਿਹਾ ਕਿ ਖੁਫੀਆ ਜਾਣਕਾਰੀ ’ਤੇ  ਕਾਰਵਾਈ ਕਰਦਿਆਂ ਪੁਲਸ ਟੀਮਾਂ ਨੇ ਪ੍ਰਦੀਪ ਅਤੇ ਗੁਰਦਿੱਤ ਵਜੋਂ ਪਛਾਣੇ ਗਏ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੇ ਪੁਲਸ ਸਟੇਸ਼ਨ ’ਤੇ ਗ੍ਰਨੇਡ ਸੁੱਟਣ ਵਾਲੇ ਦੋਸ਼ੀਆਂ - ਹਰਗੁਨ, ਵਿਕਾਸ ਅਤੇ ਮੋਹਨ - ਨੂੰ ਵਿੱਤੀ ਅਤੇ ਲੌਜਿਸਟਿਕਸ ਸਹਾਇਤਾ ਪ੍ਰਦਾਨ ਕੀਤੀ ਸੀ । ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਵੱਲੋਂ ਦੋ ਦੋਸ਼ੀ ਵਿਅਕਤੀਆਂ ਹਰਗੁਨ ਅਤੇ ਵਿਕਾਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

PunjabKesari

ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਪ੍ਰਦੀਪ ਅਤੇ ਗੁਰਦਿੱਤ ਨੇ ਨਵੀਨ ਚੌਧਰੀ ਅਤੇ ਕੁਸ਼, ਜਿਨ੍ਹਾਂ ਨੂੰ ਜ਼ੀਸ਼ਾਨ ਅਖਤਰ ਵੱਲੋਂ ਭੇਜੇ ਗਏ ਦੋ ਹੈਂਡ ਗ੍ਰਨੇਡ ਮਿਲੇ ਸਨ, ਦੀ ਭੂਮਿਕਾ ਬਾਰੇ ਖੁਲਾਸਾ ਕੀਤਾ। ਇਨ੍ਹਾਂ ਵਿੱਚ ਇੱਕ ਗ੍ਰਨੇਡ ਉਨ੍ਹਾਂ ਨੇ ਸ਼ਹਿਜ਼ਾਦ ਭੱਟੀ ਦੇ ਨਿਰਦੇਸ਼ਾਂ ’ਤੇ ਗੁਰਦਾਸਪੁਰ ਪੁਲਸ ਥਾਣੇ ’ਤੇ ਗ੍ਰਨੇਡ ਸੁੱਟਣ ਵਾਲੇ ਮਾਡਿਊਲ ਨੂੰ ਸੌਂਪ ਦਿੱਤਾ ਸੀ। ਡੀਆਈਜੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਦੋਵੇਂ ਮੁਲਜ਼ਮ ਦਹਿਸ਼ਤ ਫੈਲਾਉਣ ਅਤੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਇੱਕ ਹੋਰ ਗ੍ਰਨੇਡ ਹਮਲੇ ਦੀ ਯੋਜਨਾ ਬਣਾ ਰਹੇ ਸਨ, ਪਰ ਪੁਲਿਸ ਵੱਲੋਂ ਦੂਸਰੇ ਹੈਂਡ ਗ੍ਰਨੇਡ ਦੀ ਬਰਾਮਦਗੀ ਨਾਲ ਸੰਭਾਵਤ ਹਮਲਾ ਟਲ ਗਿਆ।

ਹੋਰ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਸ (ਐੱਸਐੱਸਪੀ) ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਪੁਲਸ ਟੀਮਾਂ ਨੂੰ ਪਿੰਡ ਜਗਤਪੁਰ ਨੇੜੇ ਸ਼ੱਕੀ ਨਵੀਨ ਚੌਧਰੀ ਅਤੇ ਕੁਸ਼ ਦੀ ਮੌਜੂਦਗੀ ਦਾ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਪਿੰਡ ਜਗਤਪੁਰ ਵਿਖੇ ਨਾਕਾਬੰਦੀ ’ਤੇ ਰੋਕੇ ਜਾਣ ’ਤੇ ਦੋਵਾਂ ਸ਼ੱਕੀਆਂ ਨੇ ਪੁਲਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ਅਤੇ ਸਵੈ-ਰੱਖਿਆ ਵਿੱਚ ਪੁਲਸ ਟੀਮਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਦੇ ਚਲਦਿਆਂ ਨਵੀਨ ਅਤੇ ਕੁਸ਼ ਜ਼ਖਮੀ ਹੋ ਗਏ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਤੁਰੰਤ ਡਾਕਟਰੀ ਦੇਖਭਾਲ ਲਈ ਸਥਾਨਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਅਤੇ ਇਸ ਸਮੇਂ ਉਹ ਜ਼ੇਰੇ-ਇਲਾਜ ਹਨ।

PunjabKesari

ਐੱਸਐੱਸਪੀ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਇਸ ਘਟਨਾਕ੍ਰਮ ਤੋਂ ਬਾਅਦ ਸਬੰਧਤ ਥਾਂ ਨੂੰ ਸੀਲ ਕਰਕੇ ਇਸਨੂੰ ਸੈਨੇਟਾਈਜ਼ ਕਰਨ ਅਤੇ ਬੰਬ ਨੂੰ ਬੇਅਸਰ ਕਰਨ ਲਈ ਬੰਬ ਡਿਸਪੋਜ਼ਲ ਟੀਮ ਨੂੰ ਬੁਲਾਇਆ ਗਿਆ। ਇਸ ਸਬੰਧੀ ਥਾਣਾ ਸਿਟੀ ਗੁਰਦਾਸਪੁਰ ਵਿਖੇ ਬੀਐੱਨਐੱਸ ਦੀ ਧਾਰਾ 109, 324(4) ਤੇ 111 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਤਹਿਤ ਐੱਫਆਈਆਰ ਨੰਬਰ 289 ਮਿਤੀ 26/11/2025 ਅਤੇ ਥਾਣਾ ਪੁਰਾਣਾ ਸ਼ਾਲਾ ਵਿਖੇ ਬੀਐੱਨਐੱਸ ਦੀ ਧਾਰਾ 109 ਤੇ 111, ਅਸਲਾ ਐਕਟ ਦੀ ਧਾਰਾ 25 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਤਹਿਤ ਐੱਫਆਈਆਰ ਨੰਬਰ 130 ਮਿਤੀ 1/12/2025 ਤਹਿਤ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।


author

Baljit Singh

Content Editor

Related News