ਲੁਧਿਆਣਾ ਸਿਵਲ ਹਸਪਤਾਲ ''ਚ ਲੱਗੀ ਅੱਗ! ਸਵੇਰੇ-ਸਵੇਰੇ ਪੈ ਗਈਆਂ ਭਾਜੜਾਂ
Saturday, Nov 22, 2025 - 12:28 PM (IST)
ਲੁਧਿਆਣਾ: ਲੁਧਿਆਣਾ ਸਥਿਤ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਪਿੱਛੇ ਖਾਲੀ ਜਗ੍ਹਾ 'ਤੇ ਅੱਜ ਸ਼ਨੀਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹਸਪਤਾਲ ਵਿਚ ਭਾਜੜਾਂ ਪੈ ਗਈਆਂ। ਸਟਾਫ ਨੇ ਤੁਰੰਤ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਅੱਗ ਵਧਦੀ ਦੇਖ ਕੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।
ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਤੇ ਤਕਰੀਬਨ ਪੌਣੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਹਸਪਤਾਲ ਸਟਾਫ ਅਤੇ ਫਾਇਰ ਬ੍ਰਿਗੇਡ ਦੀ ਮੁਸਤੈਦੀ ਕਾਰਨ ਇਸ ਘਟਨਾ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਹਾਲਾਂਕਿ, ਅੱਗ ਲੱਗਣ ਦੇ ਸਟੀਕ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਆਸਪਾਸ ਮੌਜੂਦ ਲੋਕਾਂ ਨੇ ਇਹ ਸ਼ੱਕ ਜਤਾਇਆ ਹੈ ਕਿ ਖਾਲੀ ਜਗ੍ਹਾ ਹੋਣ ਕਾਰਨ ਇੱਥੇ ਅਕਸਰ ਨਸ਼ੇੜੀ ਬੈਠਦੇ ਹਨ ਅਤੇ ਬੀੜੀ-ਸਿਗਰਟ ਦਾ ਸੇਵਨ ਕਰਦੇ ਹਨ, ਇਸ ਲਈ ਸੰਭਵ ਹੈ ਕਿ ਅੱਗ ਬੀੜੀ-ਸਿਗਰਟ ਤੋਂ ਹੀ ਲੱਗੀ ਹੋਵੇ। ਦੂਜੇ ਪਾਸੇ ਹਸਪਤਾਲ ਦੇ ਐੱਸ.ਐੱਮ.ਓ. ਡਾ. ਅਖਿਲ ਸਰੀਨ ਦਾ ਕਹਿਣਾ ਹੈ ਕਿ ਲੋਕ ਬਲੱਡ ਬੈਂਕ ਦੇ ਪਿੱਛੇ ਬਣੀ ਕੰਧ ਤੋਂ ਕੂੜਾ ਸੁੱਟ ਦਿੰਦੇ ਹਨ ਤੇ ਇਸੇ ਕੂੜੇ ਦੇ ਢੇਰ ਨੂੰ ਅੱਗ ਲੱਗੀ ਸੀ, ਜਿਸ ਤੋਂ ਬਾਅਦ ਅੱਗ ਝਾੜੀਆਂ ਨੂੰ ਵੀ ਲੱਗ ਗਈ।
