ਅੱਖਾਂ 'ਚ ਸੁਪਨੇ ਲੈ ਵਿਦੇਸ਼ ਗਏ ਪੰਜਾਬੀਆਂ 'ਤੇ 2019 ਰਿਹਾ ਭਾਰੂ, ਹੋਏ ਡਿਪੋਰਟ

12/30/2019 12:00:20 PM

ਜਲੰਧਰ : ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦਾ ਸੁਪਨਾ ਅਮਰੀਕਾ ਤੇ ਕੈਨੇਡਾ ਜਿਹੇ ਦੇਸ਼ਾਂ ਵਿਚ ਪੜ੍ਹ ਕੇ ਉਥੇ ਹੀ ਵੱਸਣ ਦਾ ਰਹਿੰਦਾ ਹੈ। ਇਸ ਲਈ ਉਹ ਖਰਚੇ ਤੇ ਖਤਰੇ ਦੀ ਪਰਵਾਹ ਕੀਤੇ ਬਿਨਾਂ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਚਾਹੇ ਇਸ ਲਈ ਉਨ੍ਹਾਂ ਨੂੰ ਆਪਣਾ ਸਭ ਕੁਝ ਵੇਚਣਾ ਹੀ ਕਿਉਂ ਨਾ ਪਵੇ। ਇਨ੍ਹਾਂ ਵਿਚੋਂ ਕਈ ਨੌਜਵਾਨਾਂ ਦੇ ਸੁਪਨਿਆਂ ਨੂੰ ਬੂਰ ਪੈ ਜਾਂਦਾ ਹੈ ਪਰ ਕਈ ਨੌਜਵਾਨ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਵਿਦੇਸ਼ ਵੱਸਣ ਦਾ ਸੁਪਨਾ ਪੂਰਾ ਨਹੀਂ ਹੁੰਦਾ ਤੇ ਉਨ੍ਹਾਂ ਨੂੰ ਮੁੜ ਆਪਣੇ ਵਤਨ ਵਿਚ ਹੀ ਧੱਕੇ ਖਾਣ ਨੂੰ ਮਜਬੂਰ ਹੋਣਾ ਪੈਂਦਾ ਹੈ। ਆਓ ਜਾਣਦੇ ਹਾਂ ਅਜਿਹੇ ਨੌਜਵਾਨਾਂ ਬਾਰੇ ਜਿਹਨਾਂ ਨੂੰ 2019 ਵਿਚ ਵਿਦੇਸ਼ਾਂ ਤੋਂ ਡਿਪੋਰਟ ਕਰ ਦਿੱਤਾ ਗਿਆ।

ਪੰਜਾਬੀ ਨੇ ਬਿਨਾਂ ਵੀਜ਼ਾ 2 ਵਾਰ ਮਾਰਿਆ ਕੈਨੇਡਾ ਗੇੜਾ
ਬਿਨਾਂ ਦਸਤਾਵੇਜ਼ ਦੇ ਏਅਰਪੋਰਟ ਅਧਿਕਾਰੀ ਕਿਸੇ ਨੂੰ ਹਵਾਈ ਅੱਡੇ ਦਾਖਲ ਵੀ ਨਹੀਂ ਹੋਣ ਦਿੰਦੇ ਪਰ ਇਕ ਪੰਜਾਬੀ ਅਜਿਹਾ ਵੀ ਹੈ ਜਿਸ ਨੇ ਬਿਨਾਂ ਦਸਤਾਵੇਜ਼ਾਂ ਦੇ ਕੈਨੇਡਾ ਵਿਚ 25 ਸਾਲ ਲੰਘਾ ਦਿੱਤੇ। ਰਾਘਵਿੰਦਰ ਰੰਜੀਤ ਸਿੰਘ ਨੂੰ ਅਪ੍ਰੈਲ ਮਹੀਨੇ ਦੂਜੀ ਵਾਰ 25 ਸਾਲ ਬਾਅਦ ਕੈਨੇਡਾ ਤੋਂ ਭਾਰਤ ਡਿਪੋਰਟ ਕੀਤਾ ਗਿਆ। ਉਸ ਨੂੰ ਪਹਿਲੀ ਵਾਰ 1991 ਵਿਚ ਵੀ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸੀ।

ਅਮਰੀਕਾ ਪੁੱਤ ਵਸਾਉਣ ਲਈ ਏਜੰਟ ਨੂੰ ਦਿੱਤੇ 22 ਲੱਖ ਫਿਰ ਵੀ ਹੋਇਆ ਡਿਪੋਰਟ
ਪੰਜਾਬੀਆਂ ਦੇ ਸਿਰ 'ਤੇ ਵਿਦੇਸ਼ ਜਾਣ ਦਾ ਭੂਤ ਇਸ ਕਦਰ ਸਵਾਰ ਹੋ ਚੁੱਕਾ ਹੈ ਕਿ ਉਹ ਸੱਚ ਨੂੰ ਨੇੜੇ ਤੋਂ ਜਾਣਨ ਦੇ ਬਾਅਦ ਵੀ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਤੋਂ ਰੁਕ ਨਹੀਂ ਰਹੇ, ਜਿਸਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਪੰਜਾਬੀ ਆਰਥਿਕ ਤੌਰ 'ਤੇ ਆਪਣੀ ਲੁੱਟ ਕਰਵਾ ਕੇ ਵੀ ਸਮਝਣ ਨੂੰ ਤਿਆਰ ਨਹੀਂ ਹਨ। ਲੁਧਿਆਣਾ ਵਾਸੀ ਹਰਬੰਸ ਸਿੰਘ ਪੁੱਤਰ ਮਾਨ ਸਿੰਘ ਨੇ ਏਜੰਟ ਨੂੰ 22 ਲੱਖ ਰੁਪਏ ਦੇ ਪੁੱਤ ਨੂੰ ਅਮਰੀਕਾ ਭੇਜਿਆ ਸੀ। ਉਕਤ ਏਜੰਟ ਨੇ ਲੜਕੇ ਨੂੰ ਅਮਰੀਕਾ ਤਾਂ ਭੇਜ ਦਿੱਤਾ ਪਰ ਉਸ ਦੇ ਕਾਗਜ਼ਾਤ ਸਭ ਜਾਅਲੀ ਲਗਾ ਦਿੱਤੇ, ਜਿਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਅਮਰੀਕਾ ਦੀ ਪੁਲਸ ਨੇ ਉਸ ਦੇ ਲੜਕੇ ਦੇ ਕਾਗਜ਼ਾਤਾਂ ਦੀ ਜਾਂਚ ਕੀਤੀ ਅਤੇ ਉਸ ਨੂੰ ਇੰਡੀਆ ਡਿਪੋਰਟ ਕਰ ਦਿੱਤਾ। ਹਰਬੰਸ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਏਜੰਟ ਚਰਨ ਸਿੰਘ ਨੇ ਜਾਅਲੀ ਕਾਗਜ਼ਾਤ ਦੇ ਸਹਾਰੇ ਉਸਦੇ ਲੜਕੇ ਨੂੰ ਅਮਰੀਕਾ ਭੇਜਣ ਦੇ ਨਾਮ 'ਤੇ ਲਗਭਗ 23 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ।

ਕੈਨੇਡਾ ਤੋਂ ਡਿਪੋਰਟ ਨੌਜਵਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਗ੍ਰਿਫਤਾਰ
ਬੀਤੇ ਸਤੰਬਰ ਮਹੀਨੇ ਸੁਖਵਿੰਦਰ ਸਿੰਘ ਨਿਵਾਸੀ ਵਿਧੀਪੁਰ, ਮਕਸੂਦਾਂ (ਜਲੰਧਰ) ਨੂੰ ਕੈਨੇਡਾ ਤੋਂ ਡਿਪੋਰਟ ਹੋਣ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ 'ਤੇ ਗ੍ਰਿਫਤਾਰ ਕਰ ਲਿਆ ਗਿਆ। ਉਕਤ ਖਿਲਾਫ ਇਮੀਗਰੇਸ਼ਨ ਅਧਿਕਾਰੀ ਕ੍ਰਿਸ਼ਨ ਕੁਮਾਰ ਦੀ ਸ਼ਿਕਾਇਤ 'ਤੇ ਥਾਣਾ ਏਅਰਪੋਰਟ ਦੀ ਪੁਲਸ ਨੇ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਉਸ ਨੂੰ ਅਦਾਲਤ ਦੇ ਨਿਰਦੇਸ਼ਾਂ 'ਤੇ ਜੁਡੀਸ਼ੀਅਲ ਰਿਮਾਂਡ 'ਚ ਭੇਜ ਦਿੱਤਾ।

ਮੈਕਸੀਕੋ ਨੇ ਗੈਰ ਕਾਨੂੰਨੀ ਢੰਗ ਨਾਲ ਪੁੱਜੇ 311 ਭਾਰਤੀ ਭੇਜੇ ਵਾਪਸ
ਅਕਤੂਬਰ ਮਹੀਨੇ ਮੈਕਸੀਕੋ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਹਿਲੀ ਵਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 311 ਭਾਰਤੀਆਂ ਨੂੰ ਵਾਪਸ ਭੇਜਿਆ ਹੈ। ਇਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਇਹ ਕਦਮ ਆਪਣੀ ਸੀਮਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਲੋਕਾਂ 'ਤੇ ਲਗਾਮ ਲਗਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਚੁੱਕਿਆ। ਮੈਕਸੀਕੋ ਦੇ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (ਆਈ.ਐਨ.ਐਮ.) ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਜਿਹੜੇ ਭਾਰਤੀ ਨਾਗਰਿਕ ਦੇਸ਼ ਵਿਚ ਨਿਯਮਿਤ ਰੂਪ ਨਾਲ ਰੁਕਣ ਦੀ ਸ਼ਰਤ ਨੂੰ ਪੂਰਾ ਨਹੀਂ ਕਰ ਰਹੇ ਸੀ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ ਹੈ।

ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ 150 ਭਾਰਤੀ ਪਰਤੇ ਵਤਨ
311 ਭਾਰਤੀ ਡਿਪੋਰਟ ਹੋਣ ਤੋਂ ਬਾਅਦ ਅਮਰੀਕਾ ਤੋਂ ਕਰੀਬ 150 ਭਾਰਤੀ 20 ਨਵੰਬਰ 2019 ਨੂੰ ਦੇਸ਼ ਪਰਤ ਆਏ। ਇਸ ਦੇ ਪਿੱਛੇ ਦਾ ਕਾਰਨ— ਵੀਜ਼ਾ ਨਿਯਮਾਂ ਦਾ ਉਲੰਘਣ ਜਾਂ ਗੈਰ-ਕਾਨੂੰਨੀ ਰੂਪ ਨਾਲ ਅਮਰੀਕਾ 'ਚ ਐਂਟਰੀ। ਇਨ੍ਹਾਂ ਦੋਸ਼ਾਂ ਕਾਰਨ 150 ਭਾਰਤੀਆਂ ਨੂੰ ਦੇਸ਼ ਭੇਜ ਦਿੱਤਾ ਗਿਆ। ਵਾਪਸ ਪਰਤੇ ਨੌਜਵਾਨਾਂ ਦਾ ਕਹਿਣਾ ਸੀ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਕਈ ਵਾਰ ਕੋਸ਼ਿਸ਼ ਦੇ ਬਾਅਦ ਵੀ ਅਮਰੀਕਾ 'ਚ ਬਿਹਤਰ ਜ਼ਿੰਦਗੀ ਦਾ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।

ਕੈਨੇਡਾ : ਝਗੜੇ ਦੀ ਵਾਇਰਲ ਵੀਡੀਓ ਤੋਂ ਬਾਅਦ 3 ਪੰਜਾਬੀ ਹੋਏ ਡਿਪੋਰਟ
ਕੈਨੇਡਾ ਦੇ ਸਰੀ ਵਿਚ ਬੀਤੀ 11 ਨਵੰਬਰ ਨੂੰ ਇਕ ਝਗੜਾ ਹੋਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲੀ ਸੀ ਅਤੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ ਕਿਉਂਕਿ ਇਸ ਵੀਡੀਓ ਵਿਚ ਪੰਜਾਬੀ ਵਿਦਿਆਰਥੀ ਜੋ ਕਿ ਕੈਨੇਡਾ ਵਿਚ ਪੜ੍ਹਾਈ ਕਰਨ ਗਏ ਹਨ, ਸ਼ਾਮਲ ਸਨ। ਇਸ ਵੀਡੀਓ ਵਿਚ ਪੰਜਾਬੀ ਨੌਜਵਾਨਾਂ ਵਲੋਂ ਕੁਝ ਹੋਰ ਪੰਜਾਬੀ ਨੌਜਵਾਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਮਗਰੋਂ ਹਰਕਤ ਵਿਚ ਆਈ ਕੈਨੇਡੀਅਨ ਪੁਲਸ ਵਲੋਂ ਕਾਰਵਾਈ ਕਰਦਿਆਂ 3 ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ।


cherry

Content Editor

Related News