ਵਰਕ ਪਰਮਿਟ ਦੇ ਆਧਾਰ ''ਤੇ ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ 6 ਲੱਖ 60 ਹਜ਼ਾਰ ਦੀ ਠੱਗੀ

02/16/2021 5:11:50 PM

ਮੋਗਾ (ਅਜ਼ਾਦ)- ਨਿਊ ਅਪੈਕਸ ਕਾਲੋਨੀ ਮੋਗਾ ਨਿਵਾਸੀ ਸ਼ਿੰਦਰ ਕੌਰ ਅਤੇ ਕੁਝ ਹੋਰਨਾਂ ਦੇ ਬੱਚਿਆਂ ਨੂੰ ਮਲੇਸ਼ੀਆ ਵਰਕ ਪਰਮਿਟ ਦੇ ਅਧਾਰ 'ਤੇ ਭੇਜਣ ਦਾ ਝਾਂਸਾ ਦੇ ਕੇ 6 ਲੱਖ 60 ਹਜ਼ਾਰ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸ਼ਿੰਦਰ ਕੌਰ ਨਿਵਾਸੀ ਨਿਊ ਅਪੈਕਸ ਕਾਲੋਨੀ ਦੁਸਾਂਝ ਰੋਡ ਮੋਗਾ, ਮਨਦੀਪ ਕੌਰ ਅਤੇ ਵੀਰਾਂ ਕੌਰ ਦੋਵੇਂ ਨਿਵਾਸੀ ਪਿੰਡ ਸਿੰਘਪੁਰਾ ਮੁੰਨਣ ਅਤੇ ਨਵਦੀਪ ਸਿੰਘ ਨਿਵਾਸੀ ਪਿੰਡ ਬੁਰਜ ਹਕੀਮਾਂ ਲੁਧਿਆਣਾ ਨੇ ਕਿਹਾ ਕਿ ਸਾਡੇ ਲੜਕੇ ਹਰਜਿੰਦਰ ਸਿੰਘ ਅਤੇ ਨਵਦੀਪ ਸਿੰਘ ਮਲੇਸ਼ੀਆ ਗਏ ਸਨ ਜਿਥੇ ਟਰੈਵਲ ਏਜੰਟ ਹਰਜਿੰਦਰ ਸਿੰਘ ਨੇ ਉਨ੍ਹਾਂ ਨਾਲ ਠੱਗੀ ਮਾਰ ਲਈ ਜਿਸ 'ਤੇ ਕਥਿਤ ਦੋਸ਼ੀ ਗੁਰਦੀਪ ਕੌਰ ਜੋ ਮਲੇਸ਼ੀਆ ਰਹਿੰਦੀ ਹੈ, ਨੇ ਸਾਡੇ ਲੜਕਿਆਂ ਨੂੰ ਆਪਣੇ ਕੋਲ 6-7 ਮਹੀਨੇ ਰੱਖਿਆ ਅਤੇ ਬਾਅਦ ਵਿਚ ਇੰਡੀਆ ਵਾਪਸ ਭੇਜ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪੱਕੇ ਤੌਰ 'ਤੇ ਮਲੇਸ਼ੀਆ ਮੰਗਵਾ ਲਵੇਗੀ, ਜਿਸ 'ਤੇ ਪ੍ਰਤੀ ਲੜਕਾ 1 ਲੱਖ 70 ਹਜ਼ਾਰ ਰੁਪਏ ਖਰਚਾ ਆਵੇਗਾ, ਜੋ ਉਨ੍ਹਾਂ ਨੂੰ ਦੋ ਸਾਲ ਦਾ ਵਰਕ ਪਰਮਿਟ ਵੀ ਲੈ ਕੇ ਦੇਵੇਗੀ, ਜਿਸ 'ਤੇ ਅਸੀਂ ਸਾਰੇ ਉਸ ਦੇ ਝਾਂਸੇ ਵਿਚ ਆ ਗਏ।

ਇਸ ਉਪਰੰਤ ਅਸੀਂ ਨਵੰਬਰ 2018 ’ਚ 5 ਲੱਖ 59 ਹਜ਼ਾਰ, 500 ਰੁਪਏ ਨਗਦ ਦੇ ਇਲਾਵਾ ਸਾਰੇ ਬੱਚਿਆਂ ਦੇ ਪਾਸਪੋਰਟ ਵੀ ਦੇ ਦਿੱਤੇ ਅਤੇ ਉਸ ਦੇ ਕਹਿਣ ਤੇ ਅਸੀਂ ਕੁਝ ਪੈਸੇ ਉਸਦੇ ਭਰਾ ਜਸਪਾਲ ਸਿੰਘ ਨਿਵਾਸੀ ਪਿੰਡ ਭਾਰੂ ਸ੍ਰੀ ਮੁਕਤਸਰ ਸਾਹਿਬ ਦੇ ਖਾਤੇ ਵਿਚ ਵੀ ਪਾਏ। ਕਥਿਤ ਦੋਸ਼ੀਆਂ ਨੇ ਨਾ ਤਾਂ ਸਾਡੇ ਬੱਚਿਆਂ ਨੂੰ ਮਲੇਸ਼ੀਆ ਭੇਜਿਆ ਅਤੇ ਨਾ ਹੀ ਸਾਡੇ ਪੈਸੇ ਅਤੇ ਪਾਸਪੋਰਟ ਵਾਪਸ ਕੀਤੇ। ਇਸ ਤਰ੍ਹਾਂ ਸਾਡੇ ਨਾਲ ਕਥਿਤ ਦੋਸ਼ੀਆਂ ਨੇ ਮਿਲ ਕੇ ਠੱਗੀ ਮਾਰੀ ਹੈ।

ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਜਾਂਚ ਡੀ.ਐਸ.ਪੀ ਐਸ ਮੋਗਾ ਕੋਲੋਂ ਕਰਵਾਈ ਗਈ, ਜਿਨ੍ਹਾਂ ਜਾਂਚ ਸਮੇਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾਵਾਂ ਦੇ ਦੋਸ਼ ਸਹੀ ਪਾਏ ਜਾਣ ਤੇ ਸ਼ਿੰਕਰ ਕੌਰ ਨਿਵਾਸੀ ਨਿਊ ਅਪੈਕਸ ਕਾਲੋਨੀ ਆਦਿ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀਆਂ ਗੁਰਦੀਪ ਕੌਰ, ਨਿਵਾਸੀ ਮਲੇਸ਼ੀਆ, ਜਸਪਾਲ ਸਿੰਘ ਨਿਵਾਸੀ ਪਿੰਡ ਭਾਰੂ ਸ੍ਰੀ ਮੁਕਤਸਰ ਸਾਹਿਬ ਖਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਹੈ।


Gurminder Singh

Content Editor

Related News