ਭਾਬੀ ਨੇ ਆਪਣੇ ਹੀ ਦੇਵਰ ''ਤੇ ਲਗਾਏ ਕੁੱਟਮਾਰ ਅਤੇ ਜ਼ਬਰਦਸਤੀ ਕਰਨ ਦੇ ਦੋਸ਼
Saturday, Apr 28, 2018 - 07:52 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)— ਸਥਾਨਕ ਪੁਰਾਣੀ ਦਾਣਾ ਮੰਡੀ ਨਿਵਾਸੀ ਇੱਕ ਵਿਆਹੁਤਾ ਨੇ ਆਪਣੇ ਹੀ ਦੇਵਰ 'ਤੇ ਕੁੱਟਮਾਰ ਅਤੇ ਜ਼ਬਰਦਸਤੀ ਕਰਨ ਤੇ ਦੁਕਾਨ ਵਿੱਚ ਬੰਧਕ ਬਣਾਉਣ ਦਾ ਦੋਸ਼ ਲਗਾਇਆ ਹੈ। ਥਾਣਾ ਸਿਟੀ ਪੁਲਸ ਨੇ ਦੁਕਾਨ ਵਿੱਚ ਬੰਧਕ ਬਣਾਈ ਗਈ ਮਹਿਲਾ ਨੂੰ ਬਾਹਰ ਕੱਢਵਾਇਆ। ਜਿਸ ਦੇ ਬਾਅਦ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਵਿਆਹੁਤਾ ਨੇ ਕਿਹਾ ਕਿ ਉਸ ਨਾਲ ਕੁੱਟਮਾਰ ਵਿੱਚ ਕੁਝ ਲੋਕਾਂ ਦੇ ਇਲਾਵਾ ਉਸਦੀ ਸੱਸ ਨੇ ਵੀ ਸਾਥ ਦਿੱਤਾ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰਨ 'ਚ ਲੱਗੀ ਹੋਈ ਹੈ। ਪੁਰਾਣੀ ਦਾਣਾ ਮੰਡੀ ਵਿੱਚ ਠੰਡੇ ਦਾ ਕੰਮ ਕਰਨ ਵਾਲੇ ਪਰਿਵਾਰ ਦੀ ਨੂੰਹ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ ਉਹ ਆਪਣੀ ਦੁਕਾਨ 'ਤੇ ਬੈਠੀ ਹੋਈ ਸੀ। ਉਸ ਦੇ ਅਨੁਸਾਰ ਇਸੇ ਦੌਰਾਨ ਕੁਝ ਲੋਕਾਂ ਸਮੇਤ ਦੁਕਾਨ 'ਤੇ ਆਏ ਉਸ ਦੇ ਦੇਵਰ ਨੇ ਆਪਣੀ ਮਾਂ ਨਾਲ ਮਿਲ ਕੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਕੀਤੀ, ਇਸ ਤੋਂ ਬਾਅਦ ਕਥਿਤ ਜ਼ਬਰਦਸਤੀ ਦਾ ਯਤਨ ਕੀਤਾ ਤੇ ਦੁਕਾਨ 'ਚ ਬੰਦ ਕਰਕੇ ਚਲੇ ਗਏ। ਉਸ ਨੇ ਦੱਸਿਆ ਕਿ ਇਸ ਦੌਰਾਨ ਥਾਣਾ ਸਿਟੀ ਦੇ ਏ.ਐਸ.ਆਈ. ਜਗਦੀਸ਼ ਪੁਲਸ ਪਾਰਟੀ ਸਮੇਤ ਦੁਕਾਨ 'ਤੇ ਪਹੁੰਚ ਕੇ ਮੈਨੂੰ ਦੁਕਾਨ ਤੋਂ ਬਾਹਰ ਕਢਵਾਇਆ। ਇਸ ਦੌਰਾਨ ਮਹਿਲਾ ਨੇ ਪੁਲਸ 'ਤੇ ਵੀ ਕਥਿਤ ਤੌਰ 'ਤੇ ਦਬਾਅ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਸ ਉਲਟਾ ਉਸ ਨੂੰ ਹੀ ਬਿਆਨ ਬਦਲਣ ਲਈ ਆਖ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਸਿਟੀ ਦੇ ਐਸ.ਐਚ.ਓ. ਤੇ ਜਿੰਦਰਪਾਲ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਛੇੜਛਾੜ ਦਾ ਹੋਣ ਕਾਰਨ ਮਹਿਲਾ ਪੁਲਸ ਕਰਮਚਾਰੀ ਨੂੰ ਭੇਜਿਆ ਗਿਆ ਹੈ।