ਭਿਆਨਕ ਹਾਦਸੇ ''ਚ ਐਂਬੂਲੈਂਸ ਡਰਾਈਵਰ ਨੇ ਗੁਆਈ ਜਾਨ, ਮੌਕੇ ''ਤੇ ਹੀ ਨਿਕਲੇ ਸਾਹ
Thursday, Aug 07, 2025 - 03:11 PM (IST)

ਫ਼ਰੀਦਕੋਟ (ਜਗਤਾਰ) : ਕੋਟਕਪੂਰਾ ਦੇ ਜੈਤੋ ਰੋਡ 'ਤੇ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਰਹਿਣ ਵਾਲੇ ਗੁਰਨੈਬ ਸਿੰਘ ਵੱਜੋਂ ਹੋਈ ਹੈ, ਜੋ ਕਿ ਕੋਟਕਪੂਰਾ ਦੇ ਸਿਵਲ ਹਸਪਤਾਲ 'ਚ ਐਬੂਲੈਂਸ ਗੱਡੀ ਦਾ ਡਰਾਈਵਰ ਸੀ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਸ ਮੌਕੇ 'ਤੇ ਪੁੱਜੀ ਅਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਭੇਜ ਦਿੱਤਾ, ਜਦੋਂ ਕਿ ਦੋਵੇਂ ਵ੍ਹੀਕਲਾਂ ਨੂੰ ਕਬਜ਼ੇ 'ਚ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸੰਸਦ ਮੈਂਬਰ ਵਿਕਰਮ ਸਾਹਨੀ ਨੇ ਕੇਂਦਰ ਕੋਲ ਚੁੱਕਿਆ ਸ੍ਰੀ ਦਰਬਾਰ ਸਾਹਿਬ ਦਾ ਮਾਮਲਾ, ਕੀਤੀ ਵੱਡੀ ਮੰਗ
ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਦੀ ਐਂਬੂਲੈਂਸ ਗੱਡੀ ਦਾ ਡਰਾਈਵਰ ਗੁਰਨੈਪ ਸਿੰਘ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਆਪਣੇ ਪਿੰਡ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਡਿਊਟੀ ਲਈ ਆ ਰਿਹਾ ਸੀ। ਜਦੋਂ ਉਹ ਜੈਤੋ ਰੋਡ 'ਤੇ ਪਿੰਡ ਨਾਨਕਸਰ ਨੇੜੇ ਪੁੱਜਿਆ ਤਾਂ ਪਿੱਛੋਂ ਆਈ ਤੇਜ਼ ਰਫ਼ਤਾਰ ਸਵਿੱਫਟ ਡਿਜ਼ਾਇਰ ਕਾਰ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਕਾਰਨ ਉਹ ਉੱਛਲ ਕੇ ਖਤਾਨਾ ਵਿੱਚ ਡਿੱਗਿਆ, ਜਦ ਕਿ ਕਾਰ ਵੀ ਬੇਕਾਬੂ ਹੋ ਕੇ ਖਤਾਨਾ ਵਿੱਚ ਡਿੱਗ ਗਈ।
ਹਾਦਸੇ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਮਾਮਲੇ 'ਚ ਗੱਲਬਾਤ ਕਰਦੇ ਹੋਏ ਪਿੰਡ ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਨੈਬ ਸਿੰਘ ਹਰ ਰੋਜ਼ ਦੀ ਤਰ੍ਹਾਂ ਅੱਜ ਮੋਟਰਸਾਈਕਲ 'ਤੇ ਸਵਾਰ ਹੋ ਕੇ ਡਿਊਟੀ 'ਤੇ ਆ ਰਿਹਾ ਸੀ ਤਾਂ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਪੁਲਸ ਅਤੇ ਪ੍ਰਸ਼ਾਸ਼ਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਨਾਲ ਹੀ ਇਸ ਸੜਕ 'ਤੇ ਵਾਪਰ ਰਹੇ ਹਾਦਸਿਆਂ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਮਾਮਲੇ 'ਚ ਥਾਣਾ ਸਿਟੀ ਕੋਟਕਪੂਰਾ ਦੇ ਏ. ਐੱਸ. ਆਈ. ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8