ਤਿੰਨ ਨੌਜਵਾਨਾਂ ਖ਼ਿਲਾਫ਼ ਦੋਸ਼ ਤੈਅ, 28 ਅਗਸਤ ਤੋਂ ਸ਼ੁਰੂ ਹੋਵੇਗਾ ਮੁਕੱਦਮਾ
Sunday, Aug 10, 2025 - 02:20 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-25 ’ਚ ਹੋਲੀ ਵਾਲੇ ਦਿਨ ਨੌਜਵਾਨ ਦੇ ਕਤਲ ’ਚ ਸ਼ਾਮਲ ਤਿੰਨ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਕਤਲ ’ਚ ਸ਼ਾਮਲ ਤਿੰਨ ਨੌਜਵਾਨਾਂ ਰਾਕੇਸ਼ ਕੁਮਾਰ ਉਰਫ਼ ਮੋਧੂ, ਮਾਣਿਕ ਵੇਦ ਤੇ ਕੁਨਾਲ ਵੇਦ ਖ਼ਿਲਾਫ਼ 28 ਅਗਸਤ ਤੋਂ ਜ਼ਿਲ੍ਹਾ ਅਦਾਲਤ ’ਚ ਮੁਕੱਦਮਾ ਸ਼ੁਰੂ ਹੋਵੇਗਾ। ਪੁਲਸ ਨੇ ਪਿਛਲੇ ਮਹੀਨੇ ਜ਼ਿਲ੍ਹਾ ਅਦਾਲਤ ’ਚ ਉਨ੍ਹਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ। ਦਰਜ ਮਾਮਲੇ ’ਚ ਸੈਕਟਰ-25 ਦੇ ਸੌਰਵ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਘਟਨਾ ਤੋਂ ਕੁੱਝ ਦਿਨ ਪਹਿਲਾਂ ਉਸਦਾ ਕੁਨਾਲ ਵੇਦ ਨਾਲ ਝਗੜਾ ਹੋਇਆ ਸੀ।
ਦੁਸ਼ਮਣੀ ਕਾਰਨ ਕੁਨਾਲ ਨੇ ਦੋਸਤਾਂ ਨਾਲ ਮਿਲ ਕੇ ਹੋਲੀ ਵਾਲੇ ਦਿਨ ਉਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਉਸ ਸਮੇਂ ਸੌਰਵ ਦਾ ਦੋਸਤ ਅੰਕਿਤ ਵੀ ਨਾਲ ਸੀ। ਕੁਨਾਲ ਤੇ ਉਸਦੇ ਦੋਸਤਾਂ ਨੇ ਸੌਰਵ ਤੇ ਅੰਕਿਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਦੋਵੇਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪੀ. ਜੀ. ਆਈ. ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਅੰਕਿਤ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਸੈਕਟਰ-11 ਥਾਣਾ ਪੁਲਸ ਨੇ ਸੌਰਵ ਦੇ ਬਿਆਨਾਂ ’ਤੇ ਪਰਚਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।