ਜੱਜ ਦੇ ਸੁਰੱਖਿਆ ਮੁਲਾਜ਼ਮ ਵਲੋਂ ਕੋਰਟ ਅਧਿਕਾਰੀ ’ਤੇ ਪਿਸਤੌਲ ਤਾਣਨ ਦਾ ਦੋਸ਼

Thursday, Aug 07, 2025 - 01:15 PM (IST)

ਜੱਜ ਦੇ ਸੁਰੱਖਿਆ ਮੁਲਾਜ਼ਮ ਵਲੋਂ ਕੋਰਟ ਅਧਿਕਾਰੀ ’ਤੇ ਪਿਸਤੌਲ ਤਾਣਨ ਦਾ ਦੋਸ਼

ਚੰਡੀਗੜ੍ਹ (ਗੰਭੀਰ) : ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਬੁੱਧਵਾਰ ਦੁਪਹਿਰ ਨੂੰ ਮਾਹੌਲ ਉਸ ਸਮੇਂ ਗਰਮਾ ਗਿਆ, ਜਦੋਂ ਇਕ ਜੱਜ ਦੇ ਸੁਰੱਖਿਆ ਕਰਮੀ (ਪੀ. ਐੱਸ. ਓ.) ਨੇ ਕੋਰਟ ਅਧਿਕਾਰੀ ਨਾਲ ਬਹਿਸ ਦੌਰਾਨ ਪਿਸਤੌਲ ਤਾਣ ਦਿੱਤੀ। ਦੋਵਾਂ ਵਿਚਕਾਰ ਪਹਿਲਾਂ ਹੱਥੋਪਾਈ ਵੀ ਹੋਈ ਸੀ। ਦੋਸ਼ ਹੈ ਕਿ ਪੀ. ਐੱਸ. ਓ. ਨੇ ਪਿਸਤੌਲ ਤਾਣ ਦਿੱਤੀ, ਜਦਕਿ ਪੀ. ਐੱਸ. ਓ. ਦਾ ਕਹਿਣਾ ਹੈ ਕਿ ਉਸ ਨੇ ਅਜਿਹਾ ਕੁਝ ਨਹੀਂ ਕੀਤਾ। ਝਗੜੇ ਨੂੰ ਵੱਧਦਾ ਦੇਖ ਕੇ ਕੋਰਟ ਦੇ ਮੁਲਾਜ਼ਮਾਂ ਨੇ ਵਿਚ ਬਚਾਅ ਕਰ ਕੇ ਮਾਮਲਾ ਸ਼ਾਂਤ ਕਰਵਾਇਆ। ਹਾਲਾਂਕਿ ਇਸ ਦੌਰਾਨ ਘਟਨਾ ਦੀ ਜਾਣਕਾਰੀ ਪੁਲਸ ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ ਹਾਈਕੋਰਟ ਚੌਂਕੀ ਤੋਂ ਸੈਕਟਰ-3 ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ।

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਦੁਰਵਿਵਹਾਰ ਤੇ ਮਾੜੇ ਸ਼ਬਦਾਂ ਦੀ ਵਰਤੋਂ ਦੇ ਦੋਸ਼ ਲਾਏ ਹਨ। ਝਗੜਾ ਡਿਊਟੀ ਨੂੰ ਲੈ ਕੇ ਹੋਇਆ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੋਰਟ ਅਧਿਕਾਰੀ ਦਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਡਿਊਟੀ ਬਾਰੇ ਉਸ ਨੇ ਏ. ਐੱਸ. ਆਈ. ਦਲਬੀਰ ਸਿੰਘ ਨਾਲ ਗੱਲ ਕੀਤੀ ਸੀ। ਇਸ ਦੌਰਾਨ ਉਹ ਕੁੱਝ ਹੀ ਦੇਰ ’ਚ ਹੱਥੋਪਾਈ ’ਤੇ ਉੱਤਰ ਆਇਆ। ਅਚਾਨਕ ਉਸ ਨੇ ਆਪਣੀ ਪਿਸਤੌਲ ਕੱਢ ਕੇ ਤਾਣ ਦਿੱਤੀ। ਇਸੇ ਦੌਰਾਨ ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਦਿਲਬਾਗ ਸਿੰਘ ਨੂੰ ਫੜ੍ਹ ਕੇ ਉਸ ਨੂੰ ਬਚਾਇਆ। ਦਲਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਡਿਊਟੀ ਇਹ ਚੈੱਕ ਕਰਨ ਦੀ ਹੈ ਕਿ ਕਿਹੜੇ ਜੱਜ ਨਾਲ ਕਿਹੜਾ ਗੰਨਮੈਨ ਹੈ। ਘਰ ਵਿਚ ਕਿੰਨੇ ਗੰਨਮੈਨ ਹਨ ਅਤੇ ਕਿਸ ਦਿਨ ਕੌਣ ਛੁੱਟੀ ’ਤੇ ਹੁੰਦਾ ਹੈ ਅਤੇ ਉਸ ਦੀ ਗ਼ੈਰਹਾਜ਼ਰੀ ਵਿਚ ਦੂਜਾ ਕਿਹੜਾ ਗੰਨਮੈਨ ਡਿਊਟੀ ’ਤੇ ਤਾਇਨਾਤ ਹੋਵੇਗਾ। ਇਹ ਕਿਹਾ ਜਾ ਸਕਦਾ ਹੈ ਕਿ ਜੱਜ ਦੀ ਪੂਰੀ ਸੁਰੱਖਿਆ ਦੀ ਜ਼ਿੰਮੇਵਾਰੀ ਉਸ ਦੀ ਹੈ। ਇਸ ਪ੍ਰਕਿਰਿਆ ਬਾਰੇ ਵੀ ਸਾਰਿਆਂ ਤੋਂ ਪੁੱਛਗਿੱਛ ਕਰਨੀ ਪੈਂਦੀ ਹੈ।
ਮੈਂ ਪਿਸਤੌਲ ਨਹੀਂ ਤਾਣੀ : ਏ. ਐੱਸ. ਆਈ.
ਏ. ਐੱਸ. ਆਈ. ਦਿਲਬਾਗ ਸਿੰਘ ਨੇ ਕਿਹਾ ਕਿ ਪਹਿਲਾਂ ਦਲਵਿੰਦਰ ਸਿੰਘ ਨੇ ਦੁਰਵਿਵਹਾਰ ਕੀਤਾ ਸੀ। ਮੈਂ ਉਸ ਨੂੰ ਸਿਰਫ਼ ਇਹ ਕਿਹਾ ਕਿ ਗ਼ਲਤ ਵਿਵਹਾਰ ਨਾ ਕਰੇ ਪਰ ਉਹ ਨਹੀਂ ਮੰਨਿਆ। ਮੈਂ ਉਸ ’ਤੇ ਕੋਈ ਪਿਸਤੌਲ ਨਹੀਂ ਤਾਣੀ। ਮੇਰੇ ’ਤੇ ਝੂਠਾ ਇਲਜ਼ਾਮ ਲਾਇਆ ਗਿਆ ਹੈ। ਮੈਂ ਕਿਸੇ ਕੰਮ ਲਈ ਅੰਦਰ ਜਾ ਰਿਹਾ ਸੀ, ਉਦੋਂ ਹੀ ਦਲਵਿੰਦਰ ਨੇ ਮੈਨੂੰ ਬੁਲਾਇਆ ਸੀ।
ਸੀ. ਸੀ. ਟੀ. ਵੀ. ਦੀ ਜਾਂਚ ਤੋਂ ਬਾਅਦ ਹੋਵੇਗਾ ਸਪੱਸ਼ਟ
ਦੱਸ ਦੇਈਏ ਕਿ ਹਾਈ ਕੋਰਟ ਅੰਦਰ ਜਿਸ ਜਗ੍ਹਾ ’ਤੇ ਕੁੱਟਮਾਰ ਅਤੇ ਪਿਸਤੌਲ ਤਾਣਨ ਦੀ ਘਟਨਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉੱਥੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਪੁਲਸ ਨੇ ਇਨ੍ਹਾਂ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਹਾਈਕੋਰਟ ਦੇ ਕੈਂਪਸ ’ਚ ਕੀ ਘਟਨਾ ਹੋਈ ਸੀ। ਇਸ ਸਬੰਧੀ ਚੰਡੀਗੜ੍ਹ ਪੁਲਸ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਸੀ। ਦੋਹਾਂ ਧਿਰਾਂ ਨੇ ਖ਼ੁਦ ਹੀ ਆਪਣਾ ਮੈਡੀਕਲ ਪ੍ਰੀਖਣ ਕਰਵਾਇਆ ਹੈ। ਦੋਵਾਂ ਧਿਰਾਂ ਦੇ ਦੋਸ਼ਾਂ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News