ਪੰਜਾਬ 'ਚ ਹੜ੍ਹ! ਇਹ ਸਕੂਲ ਬੰਦ ਕਰਨ ਦੇ ਹੁਕਮ

Wednesday, Aug 13, 2025 - 03:02 PM (IST)

ਪੰਜਾਬ 'ਚ ਹੜ੍ਹ! ਇਹ ਸਕੂਲ ਬੰਦ ਕਰਨ ਦੇ ਹੁਕਮ

ਸੁਲਤਾਨਪੁਰ ਲੋਧੀ (ਸੋਢੀ,ਧੀਰ)- ਬਿਆਸ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਦੇ ਕੁਝ ਪਿੰਡਾਂ ਦੇ ਖੇਤਾਂ ਵਿਚ ਪਾਣੀ ਭਰਨ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਬਾਊਪੁਰ ਜਦੀਦ ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਟਰੈਕਟਰ ਰਾਹੀਂ ਲੋਕਾਂ ਅਤੇ ਕਿਸਾਨਾਂ ਤੱਕ ਪਹੁੰਚ ਕਰ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹਤਿਆਤ ਵਜੋਂ ਬਾਊਪੁਰ ਵਿਖੇ ਸਰਕਾਰੀ ਹਾਈ ਸਕੂਲ ਬਾਊਪੁਰ ਜਦੀਦ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਾਊਪੁਰ ਜਦੀਦ ਨੂੰ ਅਗਲੇ 2 ਦਿਨਾਂ ਤੱਕ ਬੰਦ ਕਰਨ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ। 

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਮੁੜ ਡੈਮ ਤੋਂ ਛੱਡਿਆ ਪਾਣੀ, ਚਿਤਾਵਨੀ ਜਾਰੀ

PunjabKesari

ਉਨ੍ਹਾਂ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਹੜ੍ਹ ਰੋਕੂ ਅਤੇ ਰਾਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਸਮੇਂ 1 ਲੱਖ 5 ਹਜ਼ਾਰ ਕਿਊਸਕ ਪਾਣੀ ਚੱਲ ਰਿਹਾ ਹੈ ਅਤੇ ਪਿਛਲੇ 12 ਘੰਟੇ ਦੌਰਾਨ ਪਾਣੀ ਦੇ ਪੱਧਰ ਵਿੱਚ ਵਾਧਾ ਨਹੀਂ ਹੋਇਆ ਹੈ ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਲਤਾਨਪੁਰ ਲੋਧੀ ਦੇ ਐੱਸ. ਡੀ. ਐੱਮ, ਡ੍ਰੇਨੇਜ, ਮਾਲ ਅਤੇ ਹੋਰ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨਾਲ ਰਾਬਤ ਕਾਇਮ ਕਰਕੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਸੁਰੱਖਿਆ ਲਈ ਰਿਲੀਫ ਸੈਂਟਰਾਂ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਹੈ ਤਾਂ ਜੋ ਲੋੜ ਪੈਣ ‘ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਸਕੇ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੇ ਅਣਸੁਖਾਵੀਂ ਹਾਲਾਤਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਰਾਹਤ ਕੈਂਪਾਂ ਦੀ ਸਥਾਪਤੀ ਤੋਂ ਇਲਾਵਾ ਸੁੱਕਾ ਰਾਸ਼ਣ, ਪਸ਼ੂਆਂ ਦੇ ਲਈ ਹਰਾ ਚਾਰਾ, ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ 'ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ

ਉਨ੍ਹਾਂ ਕਿਹਾ ਕਿ ਐੱਨ. ਡੀ. ਆਰ. ਐੱਫ਼. ਅਤੇ ਐੱਸ. ਡੀ. ਆਰ. ਐੱਫ਼. ਦੀਆਂ ਟੀਮਾਂ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹਾਂ ਉੱਪਰ 20 ਹਜ਼ਾਰ ਦੇ ਕਰੀਬ ਮਿੱਟੀ ਦੇ ਬੋਰਿਆਂ ਨੂੰ ਮਨਰੇਗਾ ਕਾਮਿਆਂ ਵਲੋਂ ਤਿਆਰ ਕੀਤਾ ਜਾ ਰਿਹਾ ਹੈ।  ਉਨ੍ਹਾਂ ਸਪੱਸ਼ਟ ਕੀਤਾ ਕਿ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ।  ਡਿਪਟੀ ਕਮਿਸ਼ਨਰ ਕਿਹਾ ਕਿ ਡ੍ਰੇਨੇਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੌਂਗ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਬਾਰੇ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਪਾਣੀ ਦੀ ਲਗਾਤਾਰ ਨਿਕਾਸੀ ਲਈ ਵੀ ਹਰੀਕੇ ਹੈੱਡ ਵਿਖੇ ਡਰੇਨਜ ਵਿਭਾਗ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਰੰਗਲਾ ਵਿਹੜਾ ਕੰਪਲੈਕਸ 'ਤੇ ਲਿਆ ਗਿਆ ਵੱਡਾ ਐਕਸ਼ਨ

ਹੜ੍ਹ ਪ੍ਰਭਾਵਿਤ ਪਿੰਡਾਂ ’ਚ ਹਾਲਾਤ ਪਹਿਲਾਂ ਨਾਲੋਂ ਵੀ ਖ਼ਤਰਨਾਕ
ਜ਼ਿਕਰਯੋਗ ਹੈ ਕਿ ਬੀਤੇ ਦਿਨ ਮੰਡ ਬਾਊਪੁਰ ਜਦੀਦ ਦੇ ਨਜ਼ਦੀਕ ਭੈਣੀ ਬਹਾਦਰ ਤੋਂ ਟੁੱਟੇ ਆਰਜ਼ੀ ਬੰਨ੍ਹ ਨੇ ਜੋ 16 ਪਿੰਡਾਂ ’ਚ ਤਬਾਹੀ ਮਚਾਈ ਸੀ, ਉਸ ਵਿਚ ਕੋਈ ਵੀ ਸੁਧਾਰ ਨਹੀਂ ਹੋਇਆ ਹੈ। ਉਕਤ ਪਿੰਡਾਂ ’ਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵੀ ਹੋਰ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਤ ਪਹਿਲਾਂ ਨਾਲੋਂ ਵੀ ਹੋਰ ਖ਼ਤਰਨਾਕ ਹੋ ਗਏ ਹਨ, ਜਿਸ ਨੂੰ ਲੈ ਕੇ ਮੰਡ ਵਾਸੀ ਬਹੁਤ ਚਿੰਤਤ ਹਨ। ਮੰਡ ਖੇਤਰ ਦੇ ਲੋਕਾਂ ਅਤੇ ਸੰਪ੍ਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਸੰਤਾਂ ਦੇ ਵੱਲੋਂ ਪਾਣੀ ਦੇ ਵੱਧ ਰਹੇ ਪੱਧਰ ’ਤੇ ਫ਼ਸਲਾਂ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਬਣਾਇਆ ਜਾ ਰਿਹਾ ਆਰਜ਼ੀ ਬੰਨ੍ਹ ਵੀ ਦੇਰ ਸ਼ਾਮ ਦਰਿਆ ਵਿਚ ਆਈ ਸੁਨਾਮੀ ਦੀ ਲਹਿਰ ਵਿਚ ਰੁੜ੍ਹ ਗਿਆ, ਜਿਸ ਕਾਰਨ ਫ਼ਸਲਾਂ ਅਤੇ ਘਰਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨ ਸਾਰੇ ਧਰੇ-ਧਰਾਏ ਰਹਿ ਗਏ।

ਇਹ ਵੀ ਪੜ੍ਹੋ: ਕਹਿਰ ਓ ਰੱਬਾ ! ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ

ਮੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ 2023 ਵਿਚ ਹੜ੍ਹ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਨਾਲ ਬਾਕੀ ਬਚੀ ਝੋਨੇ ਦੀ ਫ਼ਸਲ ਵੀ ਡੁੱਬ ਗਈ ਹੈ। ਹੜ੍ਹ ਤੋਂ ਬਚਾਅ ਲਈ ਕੁਝ ਲੋਕਾਂ ਨੇ ਤਾਂ ਸੁਰੱਖਿਆ ਥਾਵਾਂ ’ਤੇ ਜਾਣਾ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਲੋਕ ਹਾਲੇ ਵੀ ਇਸ ਆਸ ਨਾਲ ਘਰਾਂ ਵਿਚ ਬੈਠੇ ਹਨ, ਸ਼ਾਇਦ ਵਾਹਿਗੁਰੂ ਦੀ ਕੋਈ ਕਿਰਪਾ ਹੋ ਜਾਵੇ ਅਤੇ ਪਾਣੀ ਦਾ ਪੱਧਰ ਘਟ ਜਾਵੇ। ਇਸ ਮੌਕੇ ਅਮਰ ਸਿੰਘ ਮੰਡ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਿਸਾਨ ਸੈੱਲ, ਮਾਨ ਸਿੰਘ ਦੇਸਲ ਬਲਾਕ ਪ੍ਰਧਾਨ ਕਿਸਾਨ ਸੈੱਲ, ਤਰਲੋਕ ਸਿੰਘ ਸਕੱਤਰ, ਅਮਰਜੀਤ ਸਿੰਘ ਹੀਰਾ, ਦਲਬੀਰ ਸਿੰਘ ਚੀਮਾ, ਗੱਜਣ ਸਿੰਘ ਦੇਸਲ, ਬਲਵਿੰਦਰ ਸਿੰਘ ਅਮ੍ਰਿਤਪੁਰ, ਕੁਲਬੀਰ ਸਿੰਘ ਮੀਰਾ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਜਗਪਾਲ ਸਿੰਘ ਚੀਮਾ ਸਾਬਕਾ ਮੀਤ ਪ੍ਰਧਾਨ, ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ, ਮੋਨੂੰ ਭੰਡਾਰੀ, ਸੁਖ ਬੂਲੇ, ਬਲਜਿੰਦਰ ਸਿੰਘ ਪੀ. ਏ. ਚਰਨਜੀਤ ਸ਼ਰਮਾ, ਗੁਰਮੇਜ਼ ਸਿੰਘ ਮੈਂਬਰ, ਗੁਰਜਿੰਦਰ ਸਿੰਘ ਪਵਾਰ ਆਦਿ ਵੀ ਹਾਜ਼ਰ ਸਨ।

PunjabKesari

ਕਿਸਾਨ ਆਗੂ ਪਰਮਜੀਤ ਬਾਊਪੁਰ ਲੋਕਾਂ ਦੀ ਸੇਵਾ ’ਚ ਡਟੇ
ਮੰਡ ਖੇਤਰ ਬਾਊਪੁਰ ਦੇ ਪ੍ਰਮੁੱਖ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਖੁਦ ਆਪਣੀ ਫਸਲ ਤੇ ਮਕਾਨ ਦੀ ਚਿੰਤਾ ਛੱਡ ਕੇ ਪਾਣੀ ਨਾਲ ਘਿਰੇ ਲੋਕਾਂ ਨੂੰ ਘਰਾਂ ’ਚੋਂ ਕੱਢ ਕੇ ਬੇੜੀਆਂ, ਟਰੈਕਟਰ ਟਰਾਲੀਆਂ ਰਾਹੀਂ ਸੁਰੱਖਿਆ ਥਾਵਾਂ ’ਤੇ ਪਹੁੰਚਾਉਣ ਦੀ ਸੇਵਾ ਵਿਚ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੇ ਤਾਂ ਘਰ ਛੱਡ ਦਿੱਤੇ ਹਨ ਪਰ ਕੁਝ ਹਾਲੇ ਵੀ ਨਹੀਂ ਘਰਾਂ ਨੂੰ ਛੱਡਣਾ ਚਾਹੁੰਦੇ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਘਰ ਦਾ ਸਾਮਾਨ ਅਤੇ ਪਸ਼ੂਆਂ ਨੂੰ ਲੈ ਕੇ ਕਿੱਥੇ ਜਾਵਾਂਗੇ। ਪਾਣੀ ਦਾ ਪੱਧਰ ਇਕ ਲਹਿਰ ਵਾਂਗ ਵਧ ਰਿਹਾ ਹੈ ਅਤੇ ਇੰਝ ਜਾਪਦਾ ਹੈ ਕਿ ਹਰੀਕੇ ਹੈੱਡ ਤੋਂ ਪਾਣੀ ਨੂੰ ਜ਼ਿਆਦਾ ਮਾਤਰਾ ਵਿਚ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਬਾਊਪੁਰ ਨੇ ਕਿਹਾ ਕਿ ਜੇ ਅਜਿਹੇ ਹਾਲਾਤ 2-3 ਦਿਨ ਹੋਰ ਬਣੇ ਰਹੇ ਤਾਂ ਪਾਣੀ ਇਕੱਠਾ ਹੋਣ ਨਾਲ ਮੱਛਰ ਪੈਦਾ ਹੋਣ ਤੇ ਕਈ ਤਰ੍ਹਾਂ ਦੀਆਂ ਖ਼ਤਰਨਾਕ ਬੀਮਾਰੀਆਂ ਵੀ ਲੱਗਣ ਦਾ ਖਤਰਾ ਪੈਦਾ ਹੋ ਗਿਆ ਹੈ। ਪ੍ਰਸ਼ਾਸਨ ਤਾਂ ਸਿਰਫ਼ ਖਾਨਾਪੂਰਤੀ ਕਰਨ ਲਈ ਆਉਂਦਾ ਹੈ ਅਤੇ ਫੋਟੋਆਂ ਖਿਚਵਾ ਕੇ ਚਲਾ ਜਾਂਦਾ ਹੈ। ਹੁਣ ਤਾਂ ਮੰਡ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਹੈ।

PunjabKesari

ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਡੁੱਬੀ
ਕਾਂਗਰਸ ਸੈੱਲ ਦੇ ਕਿਸਾਨ ਆਗੂ ਅਮਰ ਸਿੰਘ ਮੰਡ ਨੇ ਕਿਹਾ ਕਿ ਜਦ ਮੰਡ ਵਾਸੀ ਕਈ ਦਿਨਾਂ ਤੋਂ ਪਾਣੀ ਦੇ ਪੱਧਰ ਨੂੰ ਵਧਣ ਤੋਂ ਰੋਕਣ ਲਈ ਹਰੀਕੇ ਹੈੱਡ ਤੋਂ ਪਾਣੀ ਛੱਡਣ ਦੀਆਂ ਦੁਹਾਈਆਂ ਦੇ ਰਹੇ ਸਨ ਤਾਂ ਉਸ ਸਮੇਂ ਨਾ ਤਾਂ ਸਰਕਾਰ ਦਾ ਕੋਈ ਆਗੂ ਅਤੇ ਨਾ ਹੀ ਪ੍ਰਸ਼ਾਸਨ ਨੇ ਆ ਕੇ ਸਾਡੀ ਸਥਿਤੀ ਦਾ ਜਾਇਜ਼ਾ ਲਿਆ‌। ਉਨ੍ਹਾਂ ਕਿਹਾ ਕਿ ਪੋਂਗ ਡੈਮ ਤੋਂ ਪਾਣੀ ਰਿਲੀਜ਼ ਕਰਨ ਸਮੇਂ ਕਿਸਾਨਾਂ ਨੂੰ ਦੱਸਣਾ ਪ੍ਰਸ਼ਾਸਨ ਦਾ ਫਰਜ਼ ਹੈ, ਹੁਣ ਜਦੋਂ ਘਰ, ਫ਼ਸਲਾਂ ਸਾਰੀਆਂ ਡੁੱਬ ਗਈਆਂ ਤਾਂ ਪ੍ਰਸ਼ਾਸਨ ਵੀ ਸਾਡੀਆਂ ਅੱਖਾਂ ਪੂਜਣ ਲਈ ਵਿਖਾਵਾ ਕਰਨ ਲਈ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਡੁੱਬ ਚੁੱਕੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News