ਪੇਕਿਆਂ ਤੋਂ 15 ਲੱਖ ਨਾ ਲਿਆ ਸਕੀ ਪਤਨੀ, ਪਤੀ ਨੇ ਇਤਰਾਜ਼ਯੋਗ ਤਸਵੀਰਾਂ ਦੀ ਧਮਕੀ ਦੇ ਕੀਤਾ ਕਾਰਾ

Friday, Aug 23, 2024 - 05:12 PM (IST)

ਪੇਕਿਆਂ ਤੋਂ 15 ਲੱਖ ਨਾ ਲਿਆ ਸਕੀ ਪਤਨੀ, ਪਤੀ ਨੇ ਇਤਰਾਜ਼ਯੋਗ ਤਸਵੀਰਾਂ ਦੀ ਧਮਕੀ ਦੇ ਕੀਤਾ ਕਾਰਾ

ਗੜ੍ਹਸ਼ੰਕਰ-ਮਾਹਿਲਪੁਰ (ਭਾਰਦਵਾਜ/ਜਸਵੀਰ)- ਥਾਣਾ ਮਾਹਿਲਪੁਰ ਪੁਲਸ ਨੇ ਦਾਜ ਦੀ ਮੰਗ ਕਰਨ ਦੇ ਦੋਸ਼ ਵਿੱਚ ਪਤਨੀ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਪਤੀ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਰਸਲੀਨ ਬੈਂਸ ਪੁੱਤਰੀ ਦਲਜੀਤ ਸਿੰਘ ਵਾਸੀ ਵਾਰਡ ਨੰਬਰ-11, ਫਗਵਾੜਾ ਰੋਡ, ਮਾਹਿਲਪੁਰ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਪਤੀ ਸ਼ਰਨਦੀਪ ਸਿੰਘ ਗਿੱਲ, ਸੱਸ ਦਵਿੰਦਰ ਕੌਰ, ਸਹੁਰਾ ਬਖ਼ਸ਼ੀਸ਼ ਸਿੰਘ ਉਰਫ਼ ਕਾਲਾ ਅਤੇ ਪਵਨਦੀਪ ਪੁੱਤਰੀ ਬਖ਼ਸ਼ੀਸ਼ ਸਿੰਘ ਵਾਸੀਆਨ ਪਿੰਡ ਚੇਤਾ, ਡਾਕਘਰ ਫਰਾਲਾ, ਥਾਣਾ ਬਹਿਰਾਮ, ਤਹਿਸੀਲ ਬੰਗਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਰੁੱਧ ਬਦਸਲੂਕੀ ਅਤੇ ਦਹੇਜ ਦੀ ਮੰਗ ਕਰਨ ਦੇ ਦੋਸ਼ ਲਾਏ ਸਨ। 

ਉਸ ਨੇ ਦੱਸਿਆ ਸੀ ਕਿ ਉਸ ਦਾ ਵਿਆਹ 7 ਜਨਵਰੀ 2024 ਨੂੰ ਸ਼ਰਨਦੀਪ ਸਿੰਘ ਸ਼ੇਰਗਿੱਲ ਨਾਲ ਨਾਗਰਾ ਮੈਰਿਜ ਪੈਲੇਸ ਪਾਲਦੀ ਵਿਖੇ ਸਹੁਰਾ ਪਰਿਵਾਰ ਦੀ ਮੰਗ ਮੁਤਾਬਕ ਹੋਇਆ ਸੀ। ਇਸ ਵਿਆਹ ਸਮੇਂ ਮੇਰੀ ਮਾਤਾ ਨੇ ਮੇਰੇ ਪਤੀ ਅਤੇ ਸੱਸ ਸਹੁਰੇ ਦੀ ਮੰਗ ਮੁਤਾਬਕ ਮੇਰੇ ਪਤੀ ਨੂੰ ਇਕ ਸੋਨੇ ਦੀ ਚੈਨੀ, ਇਕ ਸੋਨੇ ਦੀ ਮੁੰਦਰੀ, ਇਕ ਮਹਿੰਗੀ ਘੜੀ ਅਤੇ ਇਕ ਸੋਨੇ ਦੀ ਮੁੰਦਰੀ ਮੇਰੇ ਸਹੁਰੇ ਨੂੰ ਅਤੇ ਮੇਰੀ ਸੱਸ ਨੂੰ ਕੰਨਾਂ ਦੇ ਸੋਨੇ ਦੇ ਟੋਪਸ, ਮੇਰੀ ਨਨਾਣ ਨੂੰ ਕੰਨਾ ਦੇ ਸੋਨੇ ਦੇ ਟੋਪਸ ਪਾਏ ਸਨ ਅਤੇ ਮੈਨੂੰ ਮੇਰੇ ਮਾਤਾ ਜੀ ਨੇ ਇਸਤਰੀ ਧੰਨ ਵਜੋਂ ਚਾਰ ਤੋਲੇ ਸੋਨੇ ਦਾ ਹਾਰ, ਸੋਨੇ ਦੀਆਂ ਵਾਲੀਆਂ, ਚਾਂਦੀ ਦੀਆਂ ਪੰਜੇਬਾਂ ਅਤੇ ਤਿੰਨ ਸੋਨੇ ਦੀਆਂ ਮੁੰਦਰੀਆਂ ਪਾਈਆਂ ਸੀ, ਜੋਕਿ ਮੇਰੇ ਉਪਰੋਕਤ ਸੋਨੇ ਦੇ ਗਹਿਣੇ ਵਿਆਹ ਵਾਲੇ ਦਿਨ ਹੀ ਮੇਰੇ ਪਾਸੇ ਸਹੁਰਾ ਪਰਿਵਾਰ ਨੇ ਉਨ੍ਹਾਂ ਦੇ ਘਰ ਪੁੱਜਦੇ ਸਾਰ ਹੀ ਲੈ ਕੇ ਆਪਣੇ ਕਬਜ਼ੇ ਵਿੱਚ ਕਰ ਲਏ ਸਨ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਨਿਆਇਕ ਹਿਰਾਸਤ 'ਚ ਵਾਧਾ

ਇਸ ਵਿਆਹ ਵਿਚ ਤਕਰੀਬਨ 15 ਲੱਖ ਰੁਪਏ ਖ਼ਰਚਾ ਹੋਇਆ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਵੱਲੋਂ ਘੱਟ ਦਾਜ ਲਿਆਉਣ ਲਈ ਤਾਅਨੇ-ਮਹਿਣੇ ਦਿੱਤੇ ਜਾਂਦੇ ਸਨ। ਉਸ ਨੇ ਦੱਸਿਆ ਕਿ ਉਸ ਦੇ ਆਈਲੈਟਸ ਵਿੱਚ 8 ਬੈਂਡ ਆਏ ਸਨ ਅਤੇ ਵਿਦੇਸ਼ ਜਾਣ ਵਾਸਤੇ ਸਹੁਰਾ ਪਰਿਵਾਰ 10 ਲੱਖ ਰੁਪਏ ਆਪਣੇ ਪੇਕਿਆਂ ਤੋਂ ਲੈ ਕੇ ਆਉਣ ਲਈ ਤੰਗ ਕਰਦੇ ਸਨ ਤਾਂ ਮੇਰੇ ਘਰਵਾਲਿਆਂ ਨੇ ਬੜੀ ਮੁਸ਼ਕਿਲ ਨਾਲ 10 ਲੱਖ ਰੁਪਏ ਦਾ ਪ੍ਰਬੰਧ ਕਰਕੇ ਮੇਰੇ ਸਹੁਰੇ ਨੂੰ ਦਿੱਤੇ ਸਨ।  ਉਸ ਨੇ ਦੱਸਿਆ ਕਿ ਲੋਹੜੀ 'ਤੇ ਮੇਰੇ ਪੇਕੇ ਪਰਿਵਾਰ ਨੇ ਮੈਨੂੰ ਕਿਟੀ ਸੈੱਟ ਪਾਇਆ ਸੀ, ਜੋ ਉਨ੍ਹਾਂ ਦੇ ਜਾਣ ਤੋਂ ਬਾਅਦ ਮੇਰੇ ਘਰਵਾਲੇ ਨੇ ਖੋਹ ਕੇ ਮੇਰੀ ਸੱਸ ਨੂੰ ਦੇ ਦਿੱਤਾ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਪਰੇਸ਼ਾਨ ਕਰਦੇ ਸਨ ਅਤੇ ਹੋਰ 15 ਲੱਖ ਰੁਪਏ ਦੀ ਮੰਗ ਕਰਨ ਲੱਗੇ। ਮੇਰੇ ਮਨ੍ਹਾ ਕਰਨ 'ਤੇ ਮੇਰੇ ਨਾਲ ਕੁੱਟਮਾਰ ਕਰਦੇ ਸਨ।

ਇਹ ਵੀ ਪੜ੍ਹੋ- ਪੰਜਾਬ ਨੂੰ ਲੱਗੇ 1026 ਕਰੋੜ ਦੇ ਜੁਰਮਾਨੇ 'ਚੋਂ 270 ਕਰੋੜ ਇਕੱਲੇ ਜਲੰਧਰ ਹਿੱਸੇ, ਸਖ਼ਤ ਐਕਸ਼ਨ ਦੀ ਤਿਆਰੀ

ਉਸ ਨੇ ਦੱਸਿਆ ਕਿ ਉਸ ਦਾ ਪਤੀ ਉਸ ਦੀਆਂ ਇਤਰਾਜ਼ਯੋਗ ਵੀਡੀਓ ਬਣਾ ਕੇ ਧਮਕੀਆਂ ਦਿੰਦਾ ਸੀ ਕਿ ਜਾਂ ਤਾਂ ਵਿਦੇਸ਼ ਜਾਣ ਵਾਸਤੇ ਪੈਸਿਆਂ ਦਾ ਪ੍ਰਬੰਧ ਕਰ ਨਹੀਂ ਤਾਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵੇਗਾ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਦੇ ਅਣਮਨੁੱਖੀ ਤਸੀਹਿਆਂ ਕਾਰਨ ਜਦੋਂ ਉਹ ਬੇਸੁੱਧ ਸੀ ਤਾਂ ਉਸ ਦਾ ਘਰਵਾਲਾ ਉਸ ਨੂੰ ਮਾਹਿਲਪੁਰ ਛੱਡ ਕੇ ਚਲਾ ਗਿਆ ਅਤੇ ਉਹ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ ਤਾਂ ਮੇਰੀ ਹਾਲਤ ਨੂੰ ਵੇਖ ਕੇ ਮੇਰੇ ਘਰਵਾਲਿਆਂ ਨੇ ਮੇਰਾ ਇਲਾਜ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਵਿਖੇ ਕਰਵਾਇਆ। ਸ਼ਿਕਾਇਤ ਕਰਤਾ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਗੁਹਾਰ ਲਗਾਈ ਸੀ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਉਸ 'ਤੇ ਕੀਤੇ ਗੈਰ-ਮਨੁੱਖੀ ਤਸ਼ੱਦਦ ਵਾਸਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਗੜ੍ਹਸ਼ੰਕਰ ਵੱਲੋਂ ਕਰਨ ਤੋਂ ਬਾਅਦ ਰਸਲੀਨ ਬੈਂਸ ਦੇ ਪਤੀ ਸ਼ਰਨਦੀਪ ਸਿੰਘ ਪੁੱਤਰ ਬਖ਼ਸ਼ੀਸ਼ ਸਿੰਘ ਪਿੰਡ ਚੇਤਾ ਥਾਣਾ ਬਹਿਰਾਮ ਖ਼ਿਲਾਫ਼ ਥਾਣਾ ਮਾਹਿਲਪੁਰ ਵਿਖੇ ਧਾਰਾ 498-ਏ ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਯੂਨੀਵਰਸਿਟੀ ਚੋਣਾਂ ਦਾ ਐਲਾਨ, ਇਸ ਦਿਨ ਹੋਵੇਗੀ ਵੋਟਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News