ਪਤਨੀ ਦੇ ਦੋਸਤ ਨੇ ਪਤੀ ''ਤੇ ਕੀਤਾ ਚਾਕੂ ਨਾਲ ਹਮਲਾ, ਹਾਲਤ ਗੰਭੀਰ
Wednesday, Oct 02, 2019 - 08:03 PM (IST)
ਲੁਧਿਆਣਾ (ਮਹੇਸ਼)-ਸਲੇਮ ਟਾਬਰੀ ਦੇ ਨਿਊ ਅਸ਼ੋਕ ਨਗਰ ਇਲਾਕੇ ਵਿਚ ਇਕ ਨੌਜਵਾਨ ਨੂੰ ਆਪਣੀ ਪਤਨੀ ਦੀ ਦੋਸਤੀ ਦਾ ਵਿਰੋਧ ਕਰਨਾ ਮਹਿੰਗਾ ਪੈ ਗਿਆ। ਪਤਨੀ ਦੇ ਦੋਸਤ ਨੇ ਘਰ ਵਿਚ ਦਾਖਲ ਹੋ ਕੇ ਉਸ 'ਤੇ ਚਾਕੂ ਨਾਲ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਖੂਨ ਨਾਲ ਲਥਪਥ ਹਾਲਤ ਵਿਚ ਦਿਨੇਸ਼ ਕੁਮਾਰ ਨੂੰ ਕ੍ਰਿਸ਼ਚਿਅਨ ਮੈਡੀਕਲ ਕਾਲਜ ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁਲਸ ਨੇ ਜ਼ਖਮੀ ਦੀ ਪਤਨੀ ਪ੍ਰਿਯੰਕਾ ਦੀ ਸ਼ਿਕਾਇਤ 'ਤੇ ਉੱਤਰ ਪ੍ਰਦੇਸ਼ ਦੇ ਪਿੰਡ ਬੀਰਾ ਬੰਦਾ ਦੇ ਅਜੇ ਕੁਮਾਰ ਉਰਫ ਗਊ ਲਾਲ ਖਿਲਾਫ ਕਤਲ ਦੇ ਯਤਨ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀ ਪੁਲਸ ਦੀ ਗ੍ਰਿਫਤ ਵਿਚ ਹੋਵੇਗਾ। ਦਰਜ ਕੇਸ ਦੇ ਮੁਤਾਬਕ ਪ੍ਰਿਯੰਕਾ ਇਕ ਘਰੇਲੂ ਔਰਤ ਹੈ, ਉਸ ਦੇ 3 ਬੱਚਿਆਂ ਵਿਚ 2 ਲੜਕੀਆਂ ਅਤੇ ਇਕ ਲੜਕਾ ਹੈ। ਉਹ ਪਿਛਲੇ 8 ਸਾਲਾਂ ਤੋਂ ਉਕਤ ਇਲਾਕੇ ਵਿਚ ਕਿਰਾਏ ਦੇ ਮਕਾਨ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਹੀ ਹੈ। ਕਰੀਬ 2 ਸਾਲ ਪਹਿਲਾਂ ਉਸ ਦੇ ਗੁਆਂਢ ਵਿਚ ਕਿਰਾਏ ਦੇ ਕਮਰੇ ਵਿਚ ਅਜੇ ਰਹਿਣ ਆਇਆ ਸੀ ਜਿਸ ਦੇ ਨਾਲ ਉਸ ਦੀ ਦੋਸਤੀ ਹੋ ਗਈ। ਉਸ ਦੇ ਪਤੀ ਨੂੰ ਉਸ ਦੀ ਪਤਨੀ ਦਾ ਕਿਸੇ ਗੈਰਮਰਦ ਨਾਲ ਗੱਲਬਾਤ ਅਤੇ ਦੋਸਤੀ ਕਰਨਾ ਪਸੰਦ ਨਹੀਂ ਸੀ। ਉਸ ਦਾ ਪਤੀ ਆਮ ਕਰਕੇ ਉਸ ਤੋਂ ਨਾਰਾਜ਼ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਦੋਸ਼ੀ ਦੇ ਨਾਲ ਉਸ ਦੀ ਤਕਰਾਰ ਵੀ ਹੋਈ।
ਦੋਸ਼ੀ ਨੇ ਮਨ ਵਿਚ ਰੱਖੀ ਖੁੰਦਕ
ਪ੍ਰਿਯੰਕਾ ਨੇ ਦੱਸਿਆ ਕਿ ਪਤੀ ਨਾਲ ਲੜਾਈ-ਝਗੜਾ ਹੋਣ ਤੋਂ ਬਾਅਦ ਉਸ ਸਮੇਂ ਅਜੇ ਕਮਰਾ ਖਾਲੀ ਕਰਕੇ ਚਲਾ ਗਿਆ ਪਰ ਉਸ ਨੇ ਆਪਣੇ ਮਨ ਵਿਚ ਖੁੰਦਕ ਰੱਖ ਲਈ। ਇਸ ਦੌਰਾਨ 2 ਵਾਰ ਦੋਸ਼ੀ ਦਾ ਗਲੀ ਵਿਚ ਉਸ ਨਾਲ ਸਾਹਮਣਾ ਹੋਇਆ, ਉਦੋਂ ਦੋਸ਼ੀ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਦੇ ਪਤੀ ਨੂੰ ਸਬਕ ਸਿਖਾ ਕੇ ਰਹੇਗਾ।
ਦੋਸ਼ੀ ਦਾ ਘਿਣਾਉਣਾ ਰੂਪ ਦੇਖ ਕੇ ਨਿਕਲੀ ਚੀਕ
ਉਸ ਨੇ ਦੱਸਿਆ ਕਿ ਮੰਗਲਵਾਰ ਸਵੇਰ ਕਰੀਬ 3 ਵਜੇ ਦੋਸ਼ੀ ਉਸ ਦੇ ਕਮਰੇ ਵਿਚ ਦਾਖਲ ਹੋ ਗਿਆ। ਉਹ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਸੋ ਰਹੀ ਸੀ। ਆਵਾਜ਼ ਸੁਣ ਕੇ ਉਸ ਦੀ ਅੱਖ ਖੁੱਲ ਗਈ। ਉਸ ਨੇ ਦੇਖਿਆ ਕਿ ਹੱਥ ਵਿਚ ਚਾਕੂ ਫੜੀ ਦੋਸ਼ੀ ਉਸ ਦੇ ਪਤੀ ਦੇ ਮੂੰਹ, ਗਰਦਨ ਅਤੇ ਬਾਂਹ 'ਤੇ ਤਾਬੜਤੋੜ ਵਾਰ ਕਰ ਰਿਹਾ। ਦੋਸ਼ੀ ਉਸ ਦੇ ਪਤੀ ਨੂੰ ਜਾਨ ਤੋਂ ਮਾਰਨਾ ਚਾਹੁੰਦੀ ਸੀ। ਉਸ ਦੇ ਚਿਹਰੇ 'ਤੇ ਹੈਵਾਨੀਅਤ ਝਲਕ ਰਹੀ ਸੀ। ਉਸ ਦਾ ਇਹ ਘਿਣਾਉਣਾ ਰੂਪ ਦੇਖ ਕੇ ਉਸ ਦੀ ਰੂਹ ਕੰਭ ਗਈ ਅਤੇ ਮੂੰਹ ਤੋਂ ਚੀਕ ਨਿਕਲ ਗਈ। ਉਸ ਨੇ ਰੌਲਾ ਪਾ ਦਿੱਤਾ। ਬੱਚੇ ਵੀ ਜਾਗ ਗਏ। ਉਨ੍ਹਾਂ ਦਾ ਰੋਣਾ-ਚੀਕਣਾ ਸੁਣ ਕੇ ਆਲੇ ਦੁਆਲੇ ਦੇ ਲੋਕ ਉੱਠ ਗਏ ਅਤੇ ਘਰ ਦੇ ਬਾਹਰ ਭੀੜ ਜੁਟ ਗਈ।
ਮੰਜੇ ਥੱਲੇ ਲੁਕਿਆ ਦੋਸ਼ੀ
ਪ੍ਰਿਯੰਕਾ ਨੇ ਦੱਸਿਆ ਕਿ ਫੜੇ ਜਾਣ ਦੇ ਡਰੋਂ ਦੋਸ਼ੀ ਮੰਜੇ ਥੱਲੇ ਲੁਕ ਗਿਆ ਪਰ ਦੋਸ਼ੀ ਉਸ ਦੀ ਨਜ਼ਰ ਵਿਚ ਆ ਗਿਆ। ਉਸ ਨੇ ਝੱਟ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਬਾਹਰ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਸੀ। ਉਸ ਨੂੰ ਆਪਣੇ ਪਤੀ ਦੀ ਜਾਨ ਦੀ ਚਿੰਤਾ ਸੀ। ਨਿੱਜੀ ਵਾਹਨ ਦਾ ਬੰਦੋਬਸਤ ਕਰਕੇ ਉਸ ਨੇ ਪਤੀ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ। ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਸੀ.ਐੱਮ.ਸੀ. ਭੇਜ ਦਿੱਤਾ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਲੋਹੇ ਦੀ ਜਾਅਲੀ ਕੱਟ ਕੇ ਭੱਜ ਗਿਆ ਦੋਸ਼ੀ
ਉਧਰ, ਦੋਸ਼ੀ ਦਰਵਾਜ਼ੇ ਦੇ ਉੱਪਰ ਲੱਗੀ ਲੋਹੇ ਦੀ ਜਾਅਲੀ ਕੱਟ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਭੱਜਦੇ ਸਮੇਂ ਵਾਰਦਾਤ ਵਿਚ ਵਰਤਿਆ ਚਾਕੂ ਆਪਣੇ ਨਾਲ ਲੈ ਗਿਆ ਪਰ ਆਪਣੀ ਸਕੂਟਰੀ ਮੌਕੇ 'ਤੇ ਛੱਡ ਗਿਆ ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।