ਨਿਹੰਗ ਸਿੰਘ ਵੱਲੋਂ ਸਾਥੀ ਨਿਹੰਗ ’ਤੇ ਤਲਵਾਰ ਨਾਲ ਹਮਲਾ, ਹੱਥ ਦਾ ਅੰਗੂਠਾ ਵੱਢਿਆ, PGI ਰੈਫ਼ਰ

Monday, Feb 16, 2026 - 01:47 PM (IST)

ਨਿਹੰਗ ਸਿੰਘ ਵੱਲੋਂ ਸਾਥੀ ਨਿਹੰਗ ’ਤੇ ਤਲਵਾਰ ਨਾਲ ਹਮਲਾ, ਹੱਥ ਦਾ ਅੰਗੂਠਾ ਵੱਢਿਆ, PGI ਰੈਫ਼ਰ

ਜ਼ੀਰਕਪੁਰ (ਧੀਮਾਨ) : ਬਲਟਾਣਾ ਦੇ ਹਰਮਿਲਾਪ ਨਗਰ ’ਚ ਦੋ ਨਿਹੰਗ ਸਿੰਘਾਂ ਵਿਚਾਲੇ ਹੋਏ ਝਗੜੇ ਦੌਰਾਨ ਸਾਥੀ ਨਿਹੰਗ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ’ਚ ਉਸ ਦਾ ਖੱਬੇ ਹੱਥ ਦਾ ਅੰਗੂਠਾ ਵੱਢਿਆ ਗਿਆ। ਗੰਭੀਰ ਹਾਲਤ ਕਾਰਨ ਉਸ ਨੂੰ ਚੰਡੀਗੜ੍ਹ ਸਥਿਤ ਪੀ. ਜੀ. ਆਈ. ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਸੁਖਮੰਦਰ ਸਿੰਘ (34) ਵਾਸੀ ਪਿੰਡ ਨਾਗਰਾ, ਜ਼ਿਲ੍ਹਾ ਸੰਗਰੂਰ ਇਸ ਵੇਲੇ ਬੁੱਢਾ ਦਲ ’ਚ ਸੇਵਾ ਨਿਭਾ ਰਿਹਾ ਹੈ। ਉਸ ਨੇ ਦੱਸਿਆ ਕਿ 13 ਫਰਵਰੀ ਦੀ ਰਾਤ ਉਸ ਦਾ ਸਾਥੀ ਹਰਜੋਤ ਸਿੰਘ ਜੋ ਬਲਟਾਣਾ ਦਾ ਰਹਿਣ ਵਾਲਾ ਹੈ, ਨੇ ਉਸ ਨੂੰ ਆਪਣੇ ਘਰ ਬੁਲਾਇਆ। ਦੋਵਾਂ ਵਿਚਾਲੇ ਬੈਠਕ ਦੌਰਾਨ ਤਕਰਾਰ ਹੋ ਗਈ ਜੋ ਦੇਖਦੇ ਹੀ ਦੇਖਦੇ ਹਿੰਸਕ ਰੂਪ ਧਾਰ ਗਈ।

ਦੋਸ਼ ਹੈ ਕਿ ਕਰੀਬ ਰਾਤ 10 ਵਜੇ ਜਦ ਸੁਖਮੰਦਰ ਉੱਥੋਂ ਜਾਣ ਲੱਗਾ ਤਾਂ ਹਰਜੋਤ ਨੇ ਕਮਰੇ ’ਚ ਪਈ ਤਲਵਾਰ ਚੁੱਕ ਕੇ ਉਸ ’ਤੇ ਹਮਲਾ ਕਰ ਦਿੱਤਾ। ਬਚਾਅ ਦੌਰਾਨ ਸੁਖਮੰਦਰ ਦਾ ਖੱਬੇ ਹੱਥ ਦਾ ਅੰਗੂਠਾ ਤਲਵਾਰ ਨਾਲ ਵੱਢ ਕੇ ਵੱਖ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਉਸ ਦੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

ਸਥਾਨਕ ਲੋਕਾਂ ਨੇ ਤੁਰੰਤ ਐਂਬੂਲੈਂਸ ਰਾਹੀਂ ਜ਼ਖਮੀ ਨੂੰ ਪਹਿਲਾਂ ਢਕੋਲੀ ਦੇ ਹਸਪਤਾਲ ਪਹੁੰਚਾਇਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਅਤੇ ਉੱਥੋਂ ਅੱਗੇ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਜ਼ੀਰਕਪੁਰ ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਹਰਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News