ਕਣਕ ਯੋਜਨਾ ਨੂੰ 30 ਫੀਸਦੀ ਦਾ ਕੱਟ ਲੱਗਣ ਕਾਰਨ ਰਾਸ਼ਨ ਡਿਪੂਆਂ ’ਤੇ ਮਚੀ ਹਾਹਾਕਾਰ

Sunday, Feb 26, 2023 - 01:52 PM (IST)

ਕਣਕ ਯੋਜਨਾ ਨੂੰ 30 ਫੀਸਦੀ ਦਾ ਕੱਟ ਲੱਗਣ ਕਾਰਨ ਰਾਸ਼ਨ ਡਿਪੂਆਂ ’ਤੇ ਮਚੀ ਹਾਹਾਕਾਰ

ਲੁਧਿਆਣਾ (ਖੁਰਾਣਾ) : ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਗਰੀਬਾਂ ਅਤੇ ਲੋੜਵੰਦ ਪਰਿਵਾਰਾਂ ਵਿਚ ਵੰਡੀ ਜਾਣ ਵਾਲੀ ਕਣਕ ਯੋਜਨਾ ਨੂੰ ਲੱਗੇ ਕਰੀਬ 30 ਫੀਸਦੀ ਦੇ ਭਾਰੀ ਕੱਟ ਕਾਰਨ ਪੰਜਾਬ ਭਰ ਦੇ ਰਾਸ਼ਨ ਡਿਪੂਆਂ ’ਤੇ ਹਾਹਾਕਾਰ ਮਚ ਗਈ ਹੈ। ਜ਼ਿਆਦਾਤਰ ਲਾਭਪਾਤਰੀ ਪਰਿਵਾਰਾਂ ਨੂੰ ਕਣਕ ਦਾ ਲਾਭ ਨਾ ਮਿਲਣ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦਾ ਗੁੱਸਾ ਡਿਪੂ ਹੋਲਡਰਾਂ ’ਤੇ ਉਤਾਰਿਆ ਜਾ ਰਿਹਾ ਹੈ। ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਡਿਪੂ ਹੋਲਡਰਾਂ ਅਤੇ ਲਾਭਪਾਤਰੀ ਪਰਿਵਾਰਾਂ ਵਿਚ ਕੁੱਟਮਾਰ ਹੋਣ ਤੱਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਅਜਿਹੇ ਵਿਚ ਡਿਪੂ ਮਾਲਕਾਂ ਵੱਲੋਂ ਰਾਸ਼ਨ ਡਿਪੂਆਂ ’ਤੇ ਪਹਿਲਾਂ ਪੁੱਜਣ ਵਾਲੇ ਪਰਿਵਾਰਾਂ ਨੂੰ ਕਣਕ ਦਾ ਲਾਭ ਦੇਣ ਤੋਂ ਬਾਅਦ ਲਾਭਪਾਤਰੀ ਪਰਿਵਾਰਾਂ ਦੇ ਗੁੱਸੇ ਤੋਂ ਬਚਣ ਲਈ ਜਾਂ ਤਾਂ ਡਿਪੂਆਂ ’ਤੇ ਤਾਲੇ ਲਾ ਕੇ ਅੰਡਰ ਗਰਾਊਂਡ ਹੋਣ ਦੀ ਰਣਨੀਤੀ ਅਪਣਾਈ ਜਾ ਰਹੀ ਹੈ ਜਾਂ ਹੱਥ ਖੜ੍ਹੇ ਕਰਕੇ ਲਾਭਪਾਤਰੀ ਪਰਿਵਾਰਾਂ ਤੋਂ ਮੁਆਫੀ ਮੰਗੀ ਜਾ ਰਹੀ ਹੈ। ਉਕਤ ਸਾਰੀ ਘਟਨਾ ਵਿਚ ਡਿਪੂ ਹੋਲਡਰ ਵੱਲੋਂ ਤਰਕ ਦਿੱਤਾ ਗਿਆ ਹੈ ਕਿ ਸਰਕਾਰ ਵੱਲੋਂ ਭੇਜੇ ਅਨਾਜ ਨੂੰ ਉਨ੍ਹਾਂ ਵੱਲੋਂ ਲਾਭਪਾਤਰੀ ਪਰਿਵਾਰਾਂ ਵਿਚ ‘ਪਹਿਲਾਂ ਆਓ ਪਹਿਲਾਂ ਪਾਓ’ ਦੀ ਨੀਤੀ ਤਹਿਤ ਵੰਡ ਦਿੱਤਾ ਗਿਆ ਹੈ ਅਤੇ ਜਿਹੜੇ ਪਰਿਵਾਰ ਕਣਕ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਕਣਕ ਯੋਜਨਾ ’ਤੇ ਲਾਏ ਭਾਰੀ ਕੱਟ ਸਬੰਧੀ ਜਾਣਕਾਰੀ ਦਿੰਦੇ ਹੋਏ ਹੱਥ ਜੋੜੇ ਜਾ ਰਹੇ ਹਨ।

ਡਿਪੂ ਹੋਲਡਰਾਂ ਵਿਚ ਵੀ ਗੁੱਸੇ ਦੀ ਲਹਿਰ

ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਡੀਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਅੜੈਚਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਣਕ ’ਤੇ ਲਾਏ ਗਏ 30 ਫੀਸਦੀ ਕੱਟ ਕਾਰਨ ਰਾਸ਼ਨ ਡਿਪੂਆਂ ’ਤੇ ਹਾਹਾਕਾਰ ਮਚੀ ਹੋਈ ਹੈ। ਲਾਭਪਾਤਰੀ ਪਰਿਵਾਰ ਇਸ ਦਾ ਕਸੂਰਵਾਰ ਡਿਪੂ ਹੋਲਡਰਾਂ ਨੂੰ ਠਹਿਰਾਉਂਦੇ ਹੋਏ ਉਨ੍ਹਾਂ ਖ਼ਿਲਾਫ ਆਪਣਾ ਗੁੱਸਾ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਖੁਰਾਕ ਸਪਲਾਈ ਵਿਭਾਗ ਵੱਲੋਂ ਅਪਣਾਈ ਗਈ ਇਸ ਨੀਤੀ ਨਾਲ ਡਿਪੂ ਹੋਲਡਰਾਂ ਵਿਚ ਵੀ ਭਾਰੀ ਗੁੱਸੇ ਦੀ ਲਹਿਰ ਦੇਖੀ ਜਾ ਰਹੀ ਹੈ। ਪ੍ਰਧਾਨ ਅੜੈਚਾਂ ਨੇ ਦੋਸ਼ ਲਾਏ ਹਨ ਕਿ ਅਸਲ ਵਿਚ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਿਪੂ ਹੋਲਡਰਾਂ ਅਤੇ ਲਾਭਪਾਤਰੀ ਪਰਿਵਾਰਾਂ ਦੇ ਮਜ਼ਬੂਤ ਰਿਸ਼ਤਿਆਂ ਵਿਚ ਦਰਾੜ ਪਾਉਣ ਦੀ ਰਣਨੀਤੀ ਅਪਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਡਿਪੂ ਹੋਲਡਰ ਕੋਲ 500 ਰਾਸ਼ਨ ਕਾਰਡ ਹਨ, ਵਿਭਾਗ ਵੱਲੋਂ ਉਸ ਨੂੰ ਸਿਰਫ 350 ਕਾਰਡਾਂ ਦਾ ਹੀ ਰਾਸ਼ਨ ਭੇਜਿਆ ਗਿਆ ਹੈ। ਹੁਣ ਬਾਕੀ ਬਚੇ 150 ਪਰਿਵਾਰਾਂ ਨੂੰ ਡਿਪੂ ਹੋਲਡਰ ਭਲਾ ਕਿੱਥੋਂ ਅਨਾਜ ਦੇਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਖੁਰਾਕ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਮੰਗ ਕੀਤੀ ਹੈ ਕਿ ਕਣਕ ਦੇ ਲਾਭ ਤੋਂ ਵਾਂਝਾ ਰਹਿਣ ਵਾਲੇ ਸਾਰੇ ਪਰਿਵਾਰਾਂ ਨੂੰ ਆਪਣੇ ਪੱਧਰ ’ਤੇ ਕਣਕ ਜਾਰੀ ਕਰਨ ਤਾਂ ਕਿ ਯੋਜਨਾ ਨਾਲ ਜੁੜੇ ਕਿਸੇ ਗਰੀਬ ਅਤੇ ਲੋੜਵੰਦ ਪਰਿਵਾਰ ਨੂੰ ਭੁੱਖੇ ਢਿੱਡ ਸੌਣ ਲਈ ਮਜਬੂਰ ਨਾ ਹੋਣਾ ਪਵੇ।

ਹਰ ਫਰੰਟ ’ਤੇ ਫਲਾਪ ਸਾਬਿਤ ਹੋ ਰਹੀ ਪੰਜਾਬ ਸਰਕਾਰ : ਸਰੀਨ

ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਬੁਲਾਰੇ ਪੰਜਾਬ ਅਨਿਲ ਸਰੀਨ ਨੇ ਕਣਕ ਯੋਜਨਾ ’ਤੇ ਲਾਏ ਗਏ ਭਾਰੀ ਕੱਟ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋ ਰਹੀ ਹੈ। ਅਨਿਲ ਸਰੀਨ ਨੇ ਕਿਹਾ ਕਿ ਲਾਭਪਾਤਰੀ ਪਰਿਵਾਰਾਂ ਨੂੰ ਤੈਅ ਸਮੇਂ ’ਤੇ ਪੂਰਾ ਰਾਸ਼ਨ ਮੁਹੱਈਆ ਨਾ ਕਰਵਾਉਣਾ ਸਰਕਾਰ ਦੀ ਸਭ ਤੋਂ ਵੱਡੀ ਨਾਲਾਇਕੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਯੋਜਨਾ ਦੇ ਮੁਤਾਬਕ ਰਾਸ਼ਨ ਕਾਰਡ ਵਿਚ ਦਰਜ ਹਰ ਵਿਅਕਤੀ ਨੂੰ 5 ਕਿਲੋ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਭਾਜਪਾ ਪੁਰਜ਼ੋਰ ਮੰਗ ਕਰਦੀ ਹੈ ਕਿ ਹਰ ਲਾਭਪਾਤਰੀ ਪਰਿਵਾਰਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਬਣਦਾ ਅਨਾਜ ਸਰਕਾਰ ਵੱਲੋਂ ਦਿੱਤਾ ਜਾਵੇ ਅਤੇ ਯੋਜਨਾ ਵਿਚ ਗੜਬੜ ਕਰਨ ਵਾਲੇ ਵਿਭਾਗੀ ਮੁਲਾਜ਼ਮਾਂ, ਡਿਪੂ ਹੋਲਡਰਾਂ ਸਮੇਤ ਤਥਾਕਥਿਤ ਨੇਤਾਵਾਂ ਖਿਲਾਫ ਕੇਸ ਦਰਜ ਕੀਤੇ ਜਾਣ।


author

Gurminder Singh

Content Editor

Related News