ਨੌਕਰੀ ਲੱਗਣ ਤੋਂ ਪਹਿਲਾਂ ਹੀ ਮਾਲਕਾਂ ਨਾਲ ਠੱਗੀ! ਘਰ ਦਾ ਮੰਦਰ ਵੀ ਨਾ ਬਖਸ਼ਿਆ

Wednesday, Feb 04, 2026 - 06:47 PM (IST)

ਨੌਕਰੀ ਲੱਗਣ ਤੋਂ ਪਹਿਲਾਂ ਹੀ ਮਾਲਕਾਂ ਨਾਲ ਠੱਗੀ! ਘਰ ਦਾ ਮੰਦਰ ਵੀ ਨਾ ਬਖਸ਼ਿਆ

ਲੁਧਿਆਣਾ (ਰਾਜ): ਘਰ ਵਿਚ ਅਣਜਾਣ ਵਿਅਕਤੀ ਨੂੰ ਬਿਨਾਂ ਜਾਂਚ-ਪੜਤਾਲ ਦੇ ਦਾਖ਼ਲ ਕਰਨਾ ਕਿੰਨਾ ਜੋਖਮ ਭਰਿਆ ਹੋ ਸਕਦਾ ਹੈ, ਇਸ ਦੀ ਇਕ ਤਾਜ਼ਾ ਮਿਸਾਲ ਲੁਧਿਆਣਾ ਵਿਚ ਦੇਖਣ ਨੂੰ ਮਿਲੀ ਹੈ। ਇੱਥੇ ਇਕ ਘਰ ਵਿਚ ਖਾਣਾ ਬਣਾਉਣ ਦਾ 'ਟ੍ਰਾਇਲ' ਦੇਣ ਆਏ ਸ਼ਖਸ ਨੇ ਹੱਥ ਸਾਫ਼ ਕਰਦਿਆਂ ਘਰ ਦੇ ਮੰਦਰ ਵਿਚ ਰੱਖੀ ਬੇਸ਼ਕੀਮਤੀ ਚਾਂਦੀ 'ਤੇ ਡਾਕਾ ਮਾਰ ਦਿੱਤਾ ਅਤੇ ਚਾਂਦੀ ਦਾ ਸਾਮਾਨ ਲੈ ਕੇ ਰਫੂਚੱਕਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਗੁਰਦੇਵ ਨਗਰ ਦੇ ਵਿਜੇ ਘਈ ਦੀ ਸ਼ਿਕਾਇਤ 'ਤੇ ਮੁਲਜ਼ਮ ਨੌਕਰ ਅਜੇ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਕਰ ਰਹੀ ਹੈ।

ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਸਨਾ ਖੁਰਾਣਾ ਨਾਮਕ ਵਿਅਕਤੀ ਨੇ 16 ਜਨਵਰੀ ਨੂੰ ਅਜੇ ਕੁਮਾਰ ਨੂੰ ਉਨ੍ਹਾਂ ਦੇ ਘਰ ਕੁੱਕ ਦਾ ਕੰਮ ਲਈ ਭੇਜਿਆ ਸੀ। ਅਗਲੇ ਦਿਨ ਯਾਨੀ 17 ਜਨਵਰੀ ਦੀ ਸਵੇਰ ਕਰੀਬ 11 ਵਜੇ ਅਜੇ ਕੰਮ ਦੇ ਸਿਲਸਿਲੇ ਵਿਚ ਘਰ ਪਹੁੰਚਿਆ। ਉਸ ਨੇ ਨੌਕਰ ਨੂੰ ਪਹਿਲਾਂ ਟ੍ਰਾਇਲ ਦੇਣ ਲਈ ਰਸੋਈ ਵਿਚ ਭੇਜਿਆ। ਪਰ ਸ਼ਾਤਰ ਚੋਰ ਦੀਆਂ ਨਜ਼ਰਾਂ ਰਸੋਈ ਦੇ ਮਸਾਲਿਆਂ 'ਤੇ ਘੱਟ ਅਤੇ ਘਰ ਦੇ ਮੰਦਰ 'ਤੇ ਜ਼ਿਆਦਾ ਸਨ। ਜਿਵੇਂ ਹੀ ਅਜੇ ਨੂੰ ਮੌਕਾ ਮਿਲਿਆ, ਉਸ ਨੇ ਬੜੀ ਚਲਾਕੀ ਨਾਲ ਘਰ ਦੇ ਮੰਦਰ 'ਤੇ ਹੱਥ ਸਾਫ਼ ਕਰ ਦਿੱਤਾ। ਉਹ ਮੰਦਰ ਵਿਚ ਰੱਖੇ ਚਾਂਦੀ ਦੇ ਬਰਤਨ, ਚਾਂਦੀ ਦਾ ਝੂਲਾ, ਸਿੱਕੇ ਅਤੇ ਟ੍ਰੇ ਸਮੇਤ ਕਰੀਬ 950 ਗ੍ਰਾਮ ਚਾਂਦੀ ਦਾ ਸਾਮਾਨ ਚੋਰੀ ਕਰਕੇ ਰਫੂਚੱਕਰ ਹੋ ਗਿਆ। ਕਾਫੀ ਦੇਰ ਤੱਕ ਜਦੋਂ ਅਜੇ ਨਜ਼ਰ ਨਹੀਂ ਆਇਆ ਅਤੇ ਮੰਦਰ ਵਿਚੋਂ ਸਾਮਾਨ ਗਾਇਬ ਮਿਲਿਆ, ਤਾਂ ਘਰ ਵਾਲਿਆਂ ਦੇ ਹੋਸ਼ ਉੱਡ ਗਏ।
 


author

Anmol Tagra

Content Editor

Related News