ਪੰਜਾਬ ਦੇ 38 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਮੁਫ਼ਤ ਕਣਕ ਲੈਣ ਲਈ ਸਵੇਰੇ-ਸ਼ਾਮ...
Thursday, Feb 05, 2026 - 05:17 PM (IST)
ਲੁਧਿਆਣਾ (ਵੈੱਬ ਡੈਸਕ, ਖੁਰਾਣਾ) : ਪੰਜਾਬ ਭਰ 'ਚ 18 ਹਜ਼ਾਰ ਦੇ ਕਰੀਬ ਰਾਸ਼ਨ ਡਿਪੂਆਂ 'ਤੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮਿਲਣ ਵਾਲੀ ਮੁਫ਼ਤ ਕਣਕ ਦੀ ਮੌਜੂਦਾ ਸਮੇਂ ਦੌਰਾਨ ਵੰਡ ਤੱਕ ਨਹੀਂ ਹੋ ਪਾਈ ਹੈ। ਇਸ ਦਾ ਸਿੱਧਾ ਅਸਰ ਯੋਜਨਾ ਨਾਲ ਜੁੜੇ ਉਨ੍ਹਾਂ ਗਰੀਬ ਅਤੇ ਲੋੜਵੰਦ ਪਰਿਵਾਰਾਂ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ, ਜੋ ਕਿ ਆਮ ਤੌਰ ਰਾਸ਼ਨ ਡਿਪੂਆਂ ਤੋਂ ਮਿਲਣ ਵਾਲੇ ਮੁਫ਼ਤ ਅਨਾਜ 'ਤੇ ਨਿਰਭਰ ਰਹਿੰਦੇ ਹਨ। ਖ਼ੁਰਾਕ ਅਤੇ ਸਪਲਾਈ ਵਿਭਾਗ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਪੰਜਾਬ 'ਚ ਕੁੱਲ 38 ਲੱਖ ਰਾਸ਼ਨ ਕਾਰਡ ਧਾਰਕਾਂ ਦੇ 1.57 ਕਰੋੜ ਮੈਂਬਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਰਾਸ਼ਨ ਡਿਪੂਆਂ ਤੋਂ ਮੁਫ਼ਤ ਕਣਕ ਦਾ ਲਾਭ ਲੈ ਰਹੇ ਹਨ, ਜਿਸ ਨੂੰ ਸਰਕਾਰ ਵਲੋਂ ਸਾਲ 'ਚ ਚਾਰ ਵਾਰ ਹਰ ਤਿੰਨ ਮਹੀਨਿਆਂ ਬਾਅਦ ਰਾਸ਼ਨ ਕਾਰਡ 'ਚ ਦਰਜ ਪ੍ਰਤੀ ਮੈਂਬਰ 5 ਕਿੱਲੋ ਦੇ ਹਿਸਾਬ ਨਾਲ 3 ਮਹੀਨਿਆਂ ਦੀ 15 ਕਿੱਲੋ ਕਣਕ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰ ਹੋ ਜਾਣ ALERT, ਪੂਰੇ ਸੂਬੇ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖ਼ਬਰ
ਮੌਜੂਦਾ ਸਮੇਂ ਦੌਰਾਨ ਲਾਭਪਾਤਰੀ ਪਰਿਵਾਰਾਂ ਨੂੰ ਇਕ ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਤਿੰਨ ਮਹੀਨਿਆਂ ਦੀ ਕਣਕ ਦਾ ਲਾਭ ਮਿਲਣਾ ਤਾਂ ਦੂਰ ਦੀ ਗੱਲ ਹੈ, ਸਗੋਂ ਪੰਜਾਬ ਸਰਕਾਰ ਸਮੇਤ ਖ਼ੁਰਾਕ ਅਤੇ ਸਪਲਾਈ ਵਿਭਾਗ ਵਲੋਂ ਅਜੇ ਤੱਕ 1.57 ਕਰੋੜ ਪਰਿਵਾਰਾਂ ਨੂੰ ਵੰਡੀ ਜਾਣ ਵਾਲੀ ਕਣਕ ਦੀ ਵੰਡ (ਐਲੋਕੇਸ਼ਨ) ਦਾ ਕੰਮ ਤੱਕ ਨਹੀਂ ਨਿਪਟਾਇਆ ਗਿਆ ਹੈ। ਇਸ ਕਾਰਨ ਜ਼ਿਆਦਾਤਰ ਪਰਿਵਾਰਾਂ ਦੀ ਟੈਨਸ਼ਨ ਵੱਧ ਗਈ ਹੈ। ਅਜਿਹੇ 'ਚ ਉਕਤ ਪਰਿਵਾਰ ਪੰਜਾਬ ਸਰਕਾਰ ਅਤੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਲੱਭਦੇ ਹੋਏ ਦਿਖਾਈ ਦੇ ਰਹੇ ਹਨ ਕਿਉਂਕਿ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪੈਣ ਦਾ ਡਰ ਸਤਾਉਣ ਲੱਗਾ ਹੈ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋਵੇਗਾ ਕਿ ਯੋਜਨਾ ਨਾਲ ਜੁੜੇ ਜ਼ਿਆਦਾਤਰ ਪਰਿਵਾਰ ਉਹ ਵੀ ਹਨ, ਜੋ ਕਿ ਸਿਰ 'ਤੇ ਇੱਟਾਂ ਢੋਣ ਵਾਲੇ ਮਜ਼ਦੂਰ ਵਰਗ, ਰਿਕਸ਼ਾ ਚਾਲਕ ਅਤੇ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜਣ ਦਾ ਕੰਮ ਕਰਦੇ ਹਨ ਅਤੇ ਸਾਰਾ ਦਿਨ ਸਖ਼ਤ ਮਿਹਨਤ-ਮਜ਼ਦੂਰੀ ਕਰਨ ਮਗਰੋਂ ਆਪਣੇ ਮਾਸੂਮ ਬੱਚਿਆਂ ਲਈ ਬੜੀ ਮੁਸ਼ਕਲ ਨਾਲ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਪਾਉਂਦੇ ਹਨ। ਅਜਿਹੇ 'ਚ ਇਹ ਪਰਿਵਾਰ ਚਿੰਤਾ 'ਚ ਡੁੱਬੇ ਹੋਏ ਹਨ। ਜ਼ਿਆਦਾਤਰ ਪਰਿਵਾਰ ਆਪਣੇ ਇਲਾਕੇ ਦੇ ਰਾਸ਼ਨ ਡਿਪੂਆਂ 'ਤੇ ਸਵੇਰੇ ਅਤੇ ਸ਼ਾਮ ਨੂੰ ਚੱਕਰ ਲਾ ਕੇ ਡਿਪੂ ਹੋਲਡਰਾਂ ਨੂੰ ਸਵਾਲ ਪੁੱਛ ਰਹੇ ਹਨ ਕਿ ਉਨ੍ਹਾਂ ਦੇ ਹਿੱਸੇ ਦੀ ਕਣਕੀ ਕਦੋਂ ਤੱਕ ਆਵੇਗੀ।
ਇਹ ਵੀ ਪੜ੍ਹੋ : ਪੰਜਾਬ ਭਰ ਦੇ ਵਕੀਲ 3 ਦਿਨਾਂ ਦੀ ਹੜਤਾਲ 'ਤੇ, ਕੰਮ ਕੀਤਾ ਬੰਦ, ਪੜ੍ਹੋ ਕੀ ਹੈ ਵਜ੍ਹਾ (ਵੀਡੀਓ)
ਡਿਪੂ ਹੋਲਡਰ ਐਸੋਸੀਏਸ਼ਨ ਨੇ ਜਲਦ ਕੋਟਾ ਜਾਰੀ ਕਰਨ ਦੀ ਕੀਤੀ ਮੰਗ
ਆਲ ਇੰਡੀਆ ਸ਼ੇਅਰ ਪ੍ਰਾਈਜ਼ ਡੀਲਰ ਫੈਡਰੇਸ਼ਨ ਯੂਨੀਅਨ ਦੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਅੜੈਚਾ ਨੇ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਰਾਸ਼ਨ ਡਿਪੂਆਂ 'ਤੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵੰਡੀ ਜਾਣ ਵਾਲੀ ਮੁਫ਼ਤ ਕਣਕ ਦਾ ਕੋਟਾ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਅਜਿਹੇ ਪਰਿਵਾਰ ਵੀ ਹਨ, ਜੋ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਮੁਫ਼ਤ ਕਣਕ ਮਿਲਣ 'ਤੇ ਆਪਣੇ ਮਾਸੂਮ ਬੱਚਿਆਂ ਨੂੰ ਭਰ ਪੇਟ ਰੋਟੀ ਖਿਲਾਉਂਦੇ ਹਨ, ਜਿਨ੍ਹਾਂ ਲਈ ਬਜ਼ਾਰ ਤੋਂ ਕਣਕ ਦਾ ਆਟਾ ਖ਼ਰੀਦਣਾ ਕਿਸੇ ਬੁਰੇ ਸੁਫ਼ਨੇ ਤੋਂ ਘੱਟ ਨਹੀਂ ਹੈ ਕਿਉਂਕਿ ਮਹਿੰਗਾਈ ਦੀ ਮਾਰ ਕਾਰਨ ਇਹ ਪਰਿਵਾਰ ਦਿਨ ਭਰ ਸਖ਼ਤ ਮਿਹਨਤ-ਮਜ਼ਦੂਰੀ ਕਰਨ ਤੋਂ ਬਾਅਦ ਵੀ ਆਪਣੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਹੇ ਹਨ। ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਯੋਜਨਾ ਨਾਲ ਜੁੜੇ ਪਰਿਵਾਰਾਂ ਨੂੰ ਇਕ ਅਕਤੂਬਰ ਤੋਂ ਲੈ ਕੇ 31 ਦਸੰਬਰ 2026 ਦੌਰਾਨ ਮਿਲੀ ਕਣਕ ਖ਼ਤਮ ਹੋ ਚੁੱਕੀ ਹੈ, ਜਦੋਂ ਕਿ ਜਨਵਰੀ ਤੋਂ ਲੈ ਕੇ ਮਾਰਚ ਤੱਕ ਦਾ ਕੋਟਾ ਸਰਕਾਰ ਵਲੋਂ ਜਾਰੀ ਨਾ ਕੀਤੇ ਜਾਣ ਕਾਰਨ ਉਕਤ ਪਰਿਵਾਰ ਹੁਣ ਡੂੰਘੀ ਸੋਚ 'ਚ ਪੈ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
