2 ਏਕੜ ਕਣਕ ਦੀ ਫਸਲ ਸੜ ਕੇ ਸੁਆਹ

04/18/2018 12:20:39 PM

ਕਪੂਰਥਲਾ (ਮੱਲ੍ਹੀ)— ਸਾਇੰਸ ਸਿਟੀ ਨੇੜੇ ਪਿੰਡ ਢਪੱਈ ਦੇ ਕਿਸਾਨ ਦੀ ਬੀਤੇ ਦਿਨ ਤੇਜ਼ ਹਨ੍ਹੇਰੀ ਚੱਲਣ ਕਾਰਨ ਬਿਜਲੀ ਦੀ ਤਾਰ ਡਿੱਗਣ ਨਾਲ 2 ਏਕੜ ਕਣਕ ਦੀ ਪੱਕੀ ਹੋਈ ਫਸਲ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਢਪੱਈ ਨਿਵਾਸੀ ਬਲਵਿੰਦਰ ਸਿੰਘ ਪ੍ਰਭਾਵਿਤ ਕਿਸਾਨ ਨੇ ਅਮਰੀਕ ਸਿੰਘ, ਜੀਤ ਸਿੰਘ ਅਤੇ ਨਿਰਮਲ ਸਿੰਘ ਆਦਿ ਕਾਸ਼ਤਕਾਰਾਂ ਦੀ ਹਾਜ਼ਰੀ ਦੌਰਾਨ ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਸ਼ਾਮ ਤੇਜ਼ ਹਨ੍ਹੇਰੀ ਚੱਲਣ ਨਾਲ ਖੇਤ ਕਿਨਾਰੇ ਲੱਗੇ ਦਰੱਖਤ ਦਾ ਇਕ ਟਾਹਣਾ ਖੇਤ 'ਚੋਂ ਲੰਘਣੀ ਬਿਜਲੀ ਦੀ ਤਾਰ 'ਤੇ ਡਿੱਗ ਪਿਆ, ਜਿਸ ਕਰਕੇ ਅਚਾਨਕ ਨਿਕਲੇ ਚੰਗਿਆੜਿਆਂ ਨਾਲ ਅੱਗ ਦੀਆਂ ਲਪਟਾਂ ਨੇ ਮੇਰੀ ਫਸਲ ਨੂੰ ਸਾੜ ਕੇ ਸੁਆਹ ਕਰ ਦਿੱਤਾ। ਉਕਤ ਪ੍ਰਭਾਵਿਤ ਕਾਸ਼ਤਕਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਖੇਤ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਕੱਸਣ ਤੇ ਕੇਬਲ ਤਾਰਾਂ ਪਾਉਣ ਦੀ ਪਾਵਰਕਾਮ ਅਧਿਕਾਰੀਆਂ ਕੋਲੋਂ ਕਈ ਵਾਰ ਮੰਗ ਕੀਤੀ ਪਰ ਮਾਮਲਾ ਜਿਓਂ ਦਾ ਤਿਓਂ ਹੀ ਲਟਕਿਆਂ ਰਿਹਾ, ਜਿਸ ਕਰ ਕੇ ਉਕਤ ਹਾਦਸਾ ਵਾਪਰਿਆ, ਜਿਸ ਨਾਲ ਮੇਰਾ ਭਾਰੀ ਆਰਥਿਕ ਨੁਕਸਾਨ ਹੋ ਗਿਆ ਹੈ।


Related News