ਨਾੜ ਨੂੰ ਲਾਈ ਅੱਗ ਨੇ ਕਣਕ ਨਾਲ ਲੱਦੇ ਦੋ ਟਰੱਕ ਲਏ ਲਪੇਟ ’ਚ, ਇਕ ਕਣਕ ਸਮੇਤ ਸੜ ਕੇ ਹੋਇਆ ਸੁਆਹ

Friday, May 17, 2024 - 06:15 PM (IST)

ਨਾੜ ਨੂੰ ਲਾਈ ਅੱਗ ਨੇ ਕਣਕ ਨਾਲ ਲੱਦੇ ਦੋ ਟਰੱਕ ਲਏ ਲਪੇਟ ’ਚ, ਇਕ ਕਣਕ ਸਮੇਤ ਸੜ ਕੇ ਹੋਇਆ ਸੁਆਹ

ਬਟਾਲਾ (ਸਾਹਿਲ, ਬੇਰੀ, ਯੋਗੀ, ਅਸ਼ਵਨੀ)- ਅੱਜ ਬਟਾਲਾ-ਗੁਰਦਾਸਪੁਰ ਜੀ.ਟੀ. ਰੋਡ ’ਤੇ ਸਥਿਤ ਸਤਕੋਹਾ ਮੋੜ ’ਤੇ ਕਿਸੇ ਕਿਸਾਨ ਵਲੋਂ ਲਗਾਈ ਅੱਗ ਨੇ ਕਣਕ ਨਾਲ ਲੱਦੇ ਦੋ ਟਰੱਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਨਾਲ ਇਕ ਟਰੱਕ ਬੁਰੀ ਤਰ੍ਹਾਂ ਸੜ ਕੇ ਕਣਕ ਸਮੇਤ ਸੁਆਹ ਹੋ ਗਿਆ, ਜਦਕਿ ਦੂਜਾ ਵੀ ਇਸ ਅੱਗ ਦੀ ਲਪੇਟ ਵਿਚ ਆ ਗਿਆ।

ਇਹ ਵੀ ਪੜ੍ਹੋ- CIA ਸਟਾਫ਼ ਨੂੰ ਮਿਲੀ ਵੱਡੀ ਸਫ਼ਲਤਾ, 5 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫ਼ਤਾਰ

ਇਥੇ ਇਹ ਦੱਸਣਾ ਬਣਦਾ ਹੈ ਕਿ ਕਿਸਾਨਾਂ ਵਲੋਂ ਲਗਾਈ ਜਾ ਰਹੀ ਲਗਾਤਾਰ ਨਾੜ ਨੂੰ ਅੱਗ ਕਾਰਨ ਅਜਿਹੇ ਹਾਦਸੇ ਆਏ ਦਿਨ ਵਾਪਰ ਰਹੇ ਹਨ, ਕਿਉਂਕਿ ਬੀਤੇ ਦਿਨੀਂ ਜਿਥੇ ਪਿੰਡ ਖੱਬੇ ਰਾਜਪੂਤਾਂ ਨੇੜੇ ਕਿਸੇ ਕਿਸਾਨ ਵਲੋਂ ਲਗਾਈ ਅੱਗ ਕਾਰਨ ਸੜਕ ’ਤੇ ਫੈਲੇ ਧੂੰਏਂ ਨਾਲ ਵਾਪਰੇ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਜਿਥੇ ਮੌਤ ਹੋ ਗਈ ਸੀ, ਉਥੇ ਨਾਲ ਹੀ ਅੱਜ ਛੀਨਾ ਰੇਤ ਵਾਲਾ ਵਿਖੇ ਸਥਿਤ ਗੋਦਾਮਾਂ ਵਿਚ ਕਣਕ ਉਤਾਰਨ ਲਈ ਲੰਮੀ ਕਤਾਰ ਵਿਚ ਕਣਕ ਨਾਲ ਲੱਦੇ ਟਰੱਕ ਖੜ੍ਹੇ ਸਨ, ਜਿਸਦੇ ਸਿੱਟੇ ਵਜੋਂ ਸਤਕੋਹਾ ਮੋੜ ਨੇੜੇ ਆਪਣੇ ਖੇਤਾਂ ਵਿਚ ਕਿਸੇ ਕਿਸਾਨ ਵਲੋਂ ਲਾਈ ਗਈ ਨਾੜ ਨੂੰ ਅੱਗ ਫੈਲਦੀ-ਫੈਲਦੀ ਸੜਕ ਕਿਨਾਰੇ ਖੜ੍ਹੇ ਕਣਕ ਨਾਲ ਲੱਦੇ ਦੋ ਟਰੱਕਾਂ ਨੂੰ ਲੱਗ ਗਈ, ਜਿਸ ਨਾਲ ਇਕ ਟਰੱਕ ਕਣਕ ਸਮੇਤ ਸੜ ਕੇ ਸੁਆਹ ਹੋ ਗਿਆ, ਉਥੇ ਨਾਲ ਹੀ ਦੂਜੇ ਟਰੱਕ ਦੇ ਟਾਇਰ ਸੜ ਗਏ।

ਇਹ ਵੀ ਪੜ੍ਹੋ-  ਗੁਰਦਾਸਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ CM ਮਾਨ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ

ਸੂਚਨਾ ਮਿਲਦਿਆਂ ਹੀ ਬਟਾਲਾ ਤੋਂ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ, ਜਿਨ੍ਹਾਂ ਨੇ ਅੱਗ ’ਤੇ ਭਾਰੀ ਜੱਦੋ ਜਹਿਦ ਤੋਂ ਬਾਅਦ ਕਾਬੂ ਪਾਇਆ। ਇਸ ਤੋਂ ਇਲਾਵਾ ਤਿੰਨ ਚਾਰ ਵਾਹਨ ਹੋਰ ਅੱਗ ਦੀ ਲਪੇਟ ਵਿਚ ਆ ਗਏ। ਓਧਰ ਡਰਾਈਵਰਾਂ ਨੇ ਮੌਕੇ ਤੋਂ ਭੱਜ ਕੇ ਜਾਨ ਬਚਾਈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੁਲਸ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ’ਤੇ ਕਾਰਵਾਈ ਕਰਦੀ ਹੈ ਜਾਂ ਨਹੀਂ। ਪੁਲਸ ਚੌਕੀ ਦਿਆਲਗੜ੍ਹ ਦੇ ਇੰਚਾਰਜ ਏ.ਐੱਸ.ਆਈ. ਰਣਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Shivani Bassan

Content Editor

Related News