ਅਚਾਨਕ ਮਚੇ ਅੱਗ ਦੇ ਭਾਂਬੜਾਂ ’ਚ ਕਿਸਾਨਾਂ ਦਾ ਸੋਨਾ ਸੜ ਕੇ ਹੋਇਆ ਸੁਆਹ

04/25/2024 1:43:59 PM

ਸਮਰਾਲਾ (ਸੰਜੇ ਗਰਗ) : ਵੀਰਵਾਰ ਨੂੰ ਸਵੇਰੇ 12 ਵਜੇ ਦੇ ਕਰੀਬ ਸਮਰਾਲਾ ਦੇ ਮੁੱਖ ਹਾਈਵੇਅ ਨੇੜਲੇ ਕਈ ਖੇਤਾਂ ’ਚ ਅਚਾਨਕ ਅੱਗ ਦੇ ਭਾਂਬੜ ਮੱਚ ਗਏ ਅਤੇ ਦੇਖਦੇ ਹੀ ਦੇਖਦੇ ਕਿਸਾਨਾਂ ਦੀ ਪੱਕ ਕੇ ਤਿਆਰ ਖੜ੍ਹੀ ਸੋਨੇ ਵਰਗੀ ਕਣਕ ਦੀ ਫ਼ਸਲ ਸਮੇਤ ਕਈ ਏਕੜ ਫ਼ਸਲ ਦੀ ਨਾੜ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਇਨ੍ਹਾਂ ਖੇਤਾਂ ਦੇ ਮਾਲਕ ਕਿਸਾਨ ਅਤੇ ਆਸ-ਪਾਸ ਦੇ ਪਿੰਡਾਂ ਰੋਹਲੇ, ਭਰਥਲਾ ਅਤੇ ਚਹਿਲਾਂ ਦੇ ਲੋਕਾਂ ਨੇ ਆ ਕੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕੀਤੇ।

ਕੁੱਝ ਦੇਰ ਵਿਚ ਹੀ ਫਾਇਰ ਸਟੇਸ਼ਨ ਸਮਰਾਲਾ ਤੋਂ ਵੀ ਅੱਗ ਬੁਝਾਊ ਗੱਡੀ ਮੌਕੇ ’ਤੇ ਪਹੁੰਚ ਗਈ ਸੀ।  ਅੱਗ ਕਾਰਨ ਹੋਏ ਨੁਕਸਾਨ ਤੋਂ ਪ੍ਰਭਾਵਿਤ ਹੋਣ ਵਾਲੇ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਕਰੀਬ ਢਾਈ ਏਕੜ ਖੇਤ ਵਿਚ ਖੜ੍ਹੀ ਕਣਕ ਦੀ ਫ਼ਸਲ ਜੋ ਪੱਕ ਕੇ ਬਿਲਕੁਲ ਤਿਆਰ ਸੀ, ਉਹ ਸੜ ਗਈ ਹੈ ਅਤੇ ਨਾਲ ਹੀ 7-8 ਏਕੜ ਖੇਤ ’ਚ ਖੜੀ ਨਾੜ ਵੀ ਸੜ ਕੇ ਸੁਆਹ ਹੋ ਗਈ। ਇਸ ਨਾਲ ਉਸ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਭਾਵੇਂ ਉਸ ਨੇ ਅੱਗ ਲੱਗਣ ਦਾ ਕੋਈ ਠੋਸ ਕਾਰਨ ਤਾਂ ਨਹੀਂ ਦੱਸਿਆ ਪਰ ਸ਼ੱਕ ਪ੍ਰਗਟਾਇਆ ਕਿ ਉਸ ਦੇ ਖੇਤ ਨਾਲ ਲੱਗਦੀ ਧਾਗਾਂ ਫੈਕਟਰੀ 'ਚੋਂ ਹੀ ਅੱਗ ਦੀ ਚਿੰਗਾਰੀ ਉਸ ਦੇ ਖੇਤ ਵਿਚ ਆਈ ਹੈ, ਜਿਸ ਕਾਰਨ ਇਹ ਨੁਕਸਾਨ ਹੋਇਆ ਹੈ।

ਇੱਕ ਹੋਰ ਕਿਸਾਨ ਜਗਜੀਤ ਸਿੰਘ ਨੇ ਵੀ ਅੱਗ ਨਾਲ ਕਰੀਬ 20 ਏਕੜ ਖੇਤਾਂ ’ਚ ਖੜ੍ਹੀ ਫ਼ਸਲ ਦੀ ਨਾੜ ਅਤੇ ਤਿੰਨ ਏਕੜ ਕਣਕ ਸੜ੍ਹ ਜਾਣ ਦੀ ਜਾਣਕਾਰੀ ਦਿੰਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਦੇ ਖੇਤਾਂ ਵਿਚ ਨਾਲ ਲੱਗਦੀ ਧਾਗਾ ਫੈਕਟਰੀ ਕਾਰਨ ਇਹ ਅੱਗ ਲੱਗੀ ਹੈ ਅਤੇ ਸਭ ਤੋਂ ਪਹਿਲਾ ਧਾਗਾਫੈਕਟਰੀ ਦੇ ਮੁਲਾਜ਼ਮ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚੇ।  ਫਾਇਰ ਬ੍ਰਿਗੇਡ ਮੁਲਾਜ਼ਮ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ’ਤੇ ਕਾਬੂ ਪਾਉਣ ’ਤੇ ਕਾਫੀ ਮੁਸ਼ੱਕਤਕਰਨੀ ਪਈ ਅਤੇ ਕਰੀਬ ਦੋ ਘੰਟੇ ਬਾਅਦ ਹੀ ਅੱਗ ’ਤੇ ਕਾਬੂ ਪਾਇਆ ਜਾ ਸਕਿਆ।

ਅੱਗ ਦੇ ਭਾਂਬੜਾਂ ਕਾਰਨ ਸਕੂਲ ਨੂੰ ਕਰਨੀ ਪਈ ਛੁੱਟੀ

ਅੱਗ ਦੀ ਚਪੇਟ ਵਿਚ ਆਏ ਖੇਤਾਂ ਦੇ ਬਿਲਕੁਲ ਨਾਲ ਲੱਗਦੇ ਸਕੂਲ ਤੱਕ ਅੱਗ ਦਾ ਧੂੰਆਂ ਪਹੁੰਚਣ ਤੋਂ ਬਾਅਦ ਕਿਸੇ ਵੀ ਅਣਸੁਖਾਵੀਂ ਘਟਨਾਂ ਦੇ ਡਰੋਂ ਸਕੂਲ ਪ੍ਰਬੰਧਕਾਂ ਵੱਲੋਂ ਤੁਰੰਤ ਸਕੂਲ ਵਿਚ ਛੁੱਟੀ ਕਰ ਦਿੱਤੀ ਗਈ। ਸਾਰੇ ਬੱਚਿਆਂ ਨੂੰ ਕੁੱਝ ਮਿੰਟਾਂ ਵਿਚ ਹੀ ਸਕੂਲ ਬੱਸਾਂ ਰਾਹੀਂ ਸੁਰੱਖਿਅਤ ਘਰ ਪਹੁੰਚਾ ਦਿੱਤਾ ਗਿਆ।
 


Babita

Content Editor

Related News