4 ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ, ਪਿੰਡ ਮਿਰਜ਼ਾਪੁਰ ਵਾਸੀਆਂ ''ਚ ਮਚੀ ਹਾਹਾਕਾਰ

05/25/2017 2:54:13 PM


ਪਠਾਨਕੋਟ/ਮਾਧੋਪੁਰ(ਸ਼ਾਰਦਾ, ਜੱਗੀ)-ਪਿੰਡ ਮਿਰਜ਼ਾਪੁਰ 'ਚ ਪਿਛਲੇ 4 ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਨੂੰ ਪਾਣੀ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ ਪਰ ਵਿਭਾਗ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤੇ ਜਾਣ ਕਾਰਨ ਉਨ੍ਹਾਂ ਵਿਚ ਵਿਭਾਗ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। 
 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦੇਸਰਾਜ ਮਿਰਜ਼ਾਪੁਰ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਹੋਣ ਨਾਲ ਲੋਕਾਂ ਨੂੰ ਦੂਰ-ਦੁਰਾਡੇ ਆਦਿ ਖੇਤਰਾਂ ਤੋਂ ਪਾਣੀ ਲਿਆ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।  ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਵੀ ਕੜੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਪਾਣੀ ਲੋਕਾਂ ਦੀ ਪਹਿਲੀ ਜ਼ਰੂਰਤ ਹੈ, ਜੇਕਰ ਪ੍ਰਸ਼ਾਸਨ ਪਾਣੀ ਹੀ ਲੋੜੀਂਦੀ ਮਾਤਰਾ ਵਿਚ ਪੂਰਾ ਨਹੀਂ ਕਰਵਾ ਸਕਦਾ ਤਾਂ ਮੰਨੋ ਲੋਕਾਂ ਦੀਆਂ ਬਾਕੀ ਜ਼ਰੂਰਤਾਂ ਨੂੰ ਪ੍ਰਸ਼ਾਸਨ ਕਿੰਨੀ ਸੰਜੀਦਗੀ ਨਾਲ ਲੈਂਦਾ ਹੋਵੇਗਾ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੱਲ ਤਕ ਵਿਭਾਗ ਵੱਲੋਂ ਪਾਣੀ ਦੀ ਸਪਲਾਈ ਸੁਚਾਰੂ ਨਾ ਕੀਤੀ ਗਈ ਤਾਂ ਉਹ ਨੈਸ਼ਨਲ ਹਾਈਵੇ ਜਾਮ ਕਰਨ ਨੂੰ ਮਜਬੂਰ ਹੋਣਗੇ। 
ਕੀ ਕਹਿੰਦੇ ਨੇ ਵਿਭਾਗ ਦੇ ਜੇ. ਈ.
ਇਸ ਸਬੰਧੀ ਜਦੋਂ ਵਾਟਰ ਸਪਲਾਈ ਵਿਭਾਗ ਦੇ ਜੇ. ਈ. ਰਜਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਦੀ ਮੋਟਰ ਖ਼ਰਾਬ ਹੋਣ ਕਾਰਨ ਉਕਤ ਸਮੱਸਿਆ ਪੇਸ਼ ਆਈ ਹੈ, ਜਿਸ ਨੂੰ ਸ਼ਾਮ ਤੱਕ ਠੀਕ ਕਰਵਾ ਕੇ ਪਾਣੀ ਦੀ ਸਪਲਾਈ ਬਹਾਲ ਕਰਵਾ ਦਿੱਤੀ ਜਾਵੇਗੀ ।  
 


Related News