ਤਾਲਾਬੰਦੀ ਦੌਰਾਨ ਵੀ 6 ਲੱਖ ਦੀ ਕਮਾਈ ਕਰਨ ਵਾਲਾ ਇਹ ਕਿਸਾਨ ਬਣਿਆ ਲੋਕਾਂ ਲਈ ਮਿਸਾਲ

Tuesday, Jul 14, 2020 - 03:00 PM (IST)

ਸੁਲਤਾਨਪੁਰ ਲੋਧੀ (ਸੋਢੀ)— ਕੋਰੋਨਾ ਵਾਇਰਸ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ਜਿੱਥੇ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਈ ਗਈ, ਉਥੇ ਹੀ ਕਈਆਂ ਦੇ ਕਾਰੋਬਾਰ ਵੀ ਠੱਪ ਹੋਏ ਪਰ ਇਸ ਤਾਲਾਬੰਦੀ ਦੌਰਾਨ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨਾਂ ਦੇ ਕਿਸਾਨ ਨੇ ਚੰਗੀ-ਚੋਖੀ ਕਮਾਈ ਕਰਕੇ ਲੋਕਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ। ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸਵਾਲ ਦੇ ਨਿਵਾਸੀ ਕਿਸਾਨ ਬਲਕਾਰ ਸਿੰਘ ਦੇ ਹੋਣਹਾਰ, ਪੜ੍ਹੇ ਲਿਖੇ ਅਤੇ ਮਿਹਨਤੀ ਸਪੁੱਤਰ ਸੁਖਜਿੰਦਰ ਸਿੰਘ ਨੇ ਆਪਣੇ ਪਿੰਡ ਸਵਾਲ 'ਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲਾਂ ਦਾ ਉਤਪਾਦਨ ਕਰਕੇ ਜਿੱਥੇ ਲੱਖਾਂ ਰੁਪਏ ਕਮਾਏ ਹਨ। ਉਨ੍ਹਾਂ ਨੇ ਖੇਤੀਬਾੜੀ ਮਹਿਕਮਾ ਪੰਜਾਬ 'ਚ ਚੋਖਾ ਨਾਮ ਬਣਾ ਕੇ ਆਪਣੇ ਪਿੰਡ ਦਾ ਨਾਮ ਪੂਰੇ ਪੰਜਾਬ 'ਚ ਰੋਸ਼ਨ ਕੀਤਾ ਹੈ।

ਮੱਧਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਤ ਨੌਜਵਾਨ ਸੁਖਜਿੰਦਰ ਸਿੰਘ ਨੇ ਪੜ੍ਹਾਈ ਤੋਂ ਬਾਅਦ ਗੁਰੂ ਨਗਰੀ ਸੁਲਤਾਨਪੁਰ ਲੋਧੀ ਤੋਂ 6 ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਸਵਾਲ 'ਚ ਆਪਣੀ ਤਿੰਨ ਏਕੜ ਮਾਲਕੀ ਜ਼ਮੀਨ 'ਚ ਪਹਿਲਾਂ ਵੱਖ-ਵੱਖ ਸਬਜੀਆਂ ਅਤੇ ਫਲਾਂ ਦੀ ਖੇਤੀ ਸ਼ੁਰੂ ਕੀਤੀ। ਜਿਸ ਦੀ ਸਫਲਤਾ ਤੋਂ ਬਾਅਦ ਹੁਣ 10 ਏਕੜ ਹੋਰ ਜ਼ਮੀਨ ਠੇਕੇ 'ਤੇ ਲੈ ਕੇ ਆਪਣੀ ਕਮਾਈ 'ਚ ਹੋਰ ਵਾਧਾ ਕੀਤਾ ਹੈ।

PunjabKesari

ਸਬਜ਼ੀਆਂ ਦੇ ਨਾਲ ਸਟ੍ਰਾਬੇਰੀ, ਅੰਬ ਤੇ ਆੜੂ ਦੀ ਵੀ ਕੀਤੀ ਸਫਲਤਾ ਪੂਰਵਕ ਖੇਤੀ
ਅਗਾਂਹਵਧੂ ਅਤੇ ਮਿਹਨਤੀ ਕਿਸਾਨ ਸੁਖਜਿੰਦਰ ਸਿੰਘ ਅਤੇ ਉਸ ਦਾ ਪਿਤਾ ਬਲਕਾਰ ਸਿੰਘ ਪਿਛਲੇ 15 ਸਾਲਾਂ ਤੋਂ ਸਬਜ਼ੀਆਂ ਅਤੇ ਫਲਾਂ ਦੇ ਨਾਲ-ਨਾਲ ਰਵਾਇਤੀ ਕਣਕ-ਝੋਨੇ ਦੀ ਖੇਤੀ ਨਾਲ ਕਰ ਰਹੇ ਹਨ। ਸਬਜ਼ੀਆਂ 'ਚ ਉਹ ਗਾਜਰ, ਖੀਰਾ, ਹਲਵਾ ਘੀਆ, ਕੱਦੂ, ਲਾਲ ਗਾਜਰ, ਪੀਲੀ ਗਾਜਰ, ਟਮਾਟਰ, ਗੋਭੀ, ਮਟਰ ਅਤੇ ਹਰਾ ਪਿਆਜ਼ ਆਦਿ ਦੀ ਖੇਤੀ ਕਰਦੇ ਹਨ। ਟਮਾਟਰਾਂ ਦੀ ਖੇਤੀ ਦੀ ਸੰਭਾਲ ਬਾਂਸ ਲਗਾ ਕੇ ਕੀਤੀ ਜਾਂਦੀ ਹੈ। ਗੋਭੀ ਦੀ ਕਾਸ਼ਤ ਸਾਰਾ ਸਾਲ ਕਰਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਮੁਤਾਬਕ ਪੂਰਾ ਸਾਲ ਆਮਦਨ ਹੁੰਦੀ ਰਹਿੰਦੀ ਹੈ। ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬਾਗਬਾਨੀ ਮਹਿਕਮੇ ਦੇ ਸਹਿਯੋਗ ਨਾਲ ਉਨ੍ਹਾਂ ਨੇ 2012 'ਚ ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕੀਤੀ ਸੀ, ਜੋ ਅੱਜ ਵੀ ਬੜੀ ਸਫਲਤਾ ਪੂਰਵਕ ਚੱਲ ਰਹੀ ਹੈ।
ਉਨ੍ਹਾਂ ਆਪਣੇ ਪਿਤਾ ਦੀ ਦੇਖ-ਰੇਖ ਹੇਠਾਂ ਅੱਧਾ ਏਕੜ 'ਚ ਬਾਗ ਵੀ ਲਗਾਇਆ ਹੈ , ਜਿਸ 'ਚ ਆੜੂ, ਅਮਰੂਦ ਅਤੇ ਅੰਬ ਲਗਾਏ ਹਨ, ਜਿਸ ਨਾਲ ਪ੍ਰਾਪਤ ਫਲਾਂ ਤੋਂ ਵਧੀਆ ਆਮਦਨ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਵੇਂ ਸਾਰੇ ਪਾਸੇ ਮੰਦੀ ਦਾ ਦੌਰ ਸੀ ਪਰ ਉਨ੍ਹਾਂ ਆਪਣੀ ਮਿਹਨਤ ਨਹੀ ਛੱਡੀ ਅਤੇ ਤਾਲਾਬੰਦੀ ਦੌਰਾਨ 6 ਲੱਖ ਰੁਪਏ ਦੀ ਕਮਾਈ ਕੀਤੀ ।

ਸ਼ਹਿਦ ਦੀ ਖੇਤੀ ਵੀ ਕਰਦੇ ਨੇ
ਸੁਖਜਿੰਦਰ ਸਿੰਘ ਨੇ ਦੱਸਿਆ ਕਿ 2013 'ਚ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਤੋਂ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਸੀ ਅਤੇ ਹੁਣ ਉਨ੍ਹਾਂ ਦੇ ਕੋਲ ਤਕਰੀਬਨ 60 ਬਕਸੇ ਹਨ, ਜਿਸ ਸਦਕਾ ਸ਼ੁੱਧ ਸ਼ਹਿਦ ਵੇਚ ਕੇ ਵੀ ਚੰਗੀ ਕਮਾਈ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਰਮੀ ਕੰਪੋਸਟ ਖਾਦ ਵਰਮੀ ਕੰਪੋਸਟ ਦੇ ਵੀ ਦੋ ਯੂਨਿਟ ਲਗਾਏ ਹਨ ਅਤੇ ਉਹ ਗੰਡੋਇਆਂ ਦੁਆਰਾ ਤਿਆਰ ਕੀਤੀ ਖਾਦ ਫਲਾਂ ਅਤੇ ਸਬਜ਼ੀਆਂ ਅਤੇ ਰਵਾਇਤੀ ਫਸਲਾਂ ਨੂੰ ਪਾਉਂਦੇ ਹਨ ।ਉਹ ਖਾਦ ਬਣਾਉਣ ਵਾਸਤੇ ਫਲਾਂ ਅਤੇ ਸਬਜ਼ੀਆਂ ਦੀ ਰਹਿੰਦ ਖੂਹੰਦ  ਤੋਂ ਇਲਾਵਾ ਪੱਤਿਆਂ ਅਤੇ ਗੋਹੇ ਦਾ ਇਸਤੇਮਾਲ ਕੀਤਾ ਜਾਂਦਾ ਹੈ ।

PunjabKesari

ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਉਂਦੇ
ਸੁਖਜਿੰਦਰ ਸਿੰਘ ਦੇ ਪਿਤਾ ਸਰਦਾਰ ਬਲਕਾਰ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪਿਛਲੇ 27-28 ਸਾਲ ਤੋਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ਅਤੇ ਇਸ ਦਾ ਇਹ ਫਾਇਦਾ ਹੋਇਆ ਕਿ ਝੋਨੇ ਦੇ ਝਾੜ 'ਚ ਡੇਢ ਤੋਂ ਦੋ ਕੁਇੰਟਲ ਦਾ ਵਾਧਾ ਹੋਇਆ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੀ ਅਤੇ ਗੰਡੋਇਆਂ ਅਤੇ ਹੋਰ ਮਿੱਤਰ ਕੀੜਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਇਸ ਤਰ੍ਹਾਂ ਕਰਨ ਦੇ ਨਾਲ ਸਾਡਾ ਵਾਤਾਵਰਨ ਵੀ ਸਾਫ਼ ਸੁਥਰਾ ਰਹਿੰਦਾ ਹੈ ਅਤੇ ਫੁੱਲ ਬੂਟਿਆਂ ਅਤੇ ਪੰਛੀਆਂ ਦੇ ਰਹਿਣ ਬਸੇਰੇ ਵੀ ਸੁਰੱਖਿਅਤ ਰਹਿੰਦੇ ਹਨ ।

ਸੋਸ਼ਲ ਮੀਡੀਆ ਦਾ ਮਾਰਕੀਟਿੰਗ 'ਚ ਰਿਹਾ ਅਹਿਮ ਰੋਲ
ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਮਾਰਕੀਟਿੰਗ ਲੋਕਲ ਪੱਧਰ ਤੇ ਹੀ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਦਾ ਵੀ ਮਾਰਕੀਟਿੰਗ ਚ ਅਹਿਮ ਰੋਲ ਹੈ। ਇਸ ਨੂੰ ਹੋਰ ਜ਼ਿਆਦਾ ਲਾਹੇਵੰਦ ਅਤੇ ਸੁਚਾਰੂ ਬਣਾਉਣ ਲਈ ਉਨ੍ਹਾਂ ਦੀ ਖੇਤੀਬਾੜੀ ਮੁਲਾਜ਼ਮ ਯਾਦਵਿੰਦਰ ਸਿੰਘ ਵੀ ਸ਼ੋਸ਼ਲ ਮੀਡੀਆ ਤੇ ਬਣਾਏ ਗਰੁੱਪਾਂ ਰਾਹੀਂ ਸਹਾਇਤਾ ਕਰਦੇ ਹਨ। ਨੌਜਵਾਨ ਕਿਸਾਨ ਨੇ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਨਾਜਰ ਸਿੰਘ ਅਤੇ ਬਲਾਕ ਟੈਕਨਾਲੋਜੀ ਮੈਨੇਜਰ ਯਾਦਵਿੰਦਰ ਸਿੰਘ ਦਾ ਖੇਤੀਬਾੜੀ ਨੂੰ ਹੋਰ ਚਾਰ ਚੰਦ ਲਗਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ।

ਸਰਕਾਰ ਵੱਲੋਂ ਮਿਲ ਚੁੱਕੈ ਸਟੇਟ ਐਵਾਰਡ
ਉਨ੍ਹਾਂ ਦੱਸਿਆ ਕਿ ਸਾਲ 2013 'ਚ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਲਕਨੰਦਾ ਦਿਆਲ ਵੱਲੋਂ ਸਟ੍ਰਾਬੇਰੀ ਦੀ ਖੇਤੀ ਕਰਨ ਤੇ ਸਨਮਾਨਿਤ ਕੀਤਾ ਗਿਆ ।ਸਾਲ 2016 'ਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੁਖਜਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਖੇਤੀਬਾੜੀ ਮਹਿਕਮੇ ਕਪੂਰਥਲਾ ਵੱਲੋਂ ਆਤਮਾ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਿਆਂ 'ਚ ਕਈ ਵਾਰੀ ਸਨਮਾਨਤ ਕੀਤਾ ਗਿਆ।


shivani attri

Content Editor

Related News