ਹੜ੍ਹਾਂ ਦੇ ਬਾਵਜੂਦ, ਝੋਨੇ ਦੀ ਆਮਦ ਅਤੇ ਖਰੀਦ 150 ਲੱਖ ਮੀਟਰਕ ਟਨ ਤੋਂ ਪਾਰ

Tuesday, Nov 11, 2025 - 03:56 PM (IST)

ਹੜ੍ਹਾਂ ਦੇ ਬਾਵਜੂਦ, ਝੋਨੇ ਦੀ ਆਮਦ ਅਤੇ ਖਰੀਦ 150 ਲੱਖ ਮੀਟਰਕ ਟਨ ਤੋਂ ਪਾਰ

ਚੰਡੀਗੜ੍ਹ : ਸੂਬੇ ਵਿਚ ਹਾਲ ਹੀ ‘ਚ ਆਏ ਹੜ੍ਹਾਂ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਦੇ ਬਾਵਜੂਦ ਪੰਜਾਬ ਦੀਆਂ ਮੰਡੀਆਂ ਵਿਚ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਅਤੇ ਬਿਹਤਰ ਬੁਨਿਆਦੀ ਢਾਂਚੇ ਸਦਕਾ ਝੋਨੇ ਦੀ ਆਮਦ ਅਤੇ ਖਰੀਦ 150 ਲੱਖ ਮੀਟਰਕ ਟਨ (ਐੱਲ.ਐੱਮ.ਟੀ.) ਦੇ ਅੰਕੜੇ ਨੂੰ ਪਾਰ ਕਰਨ ਵਿਚ ਸਫਲ ਹੋਈ ਹੈ। ਝੋਨੇ ਦੇ ਖਰੀਦ ਸੀਜ਼ਨ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਸਰਗਰਮ ਪਹੁੰਚ ਸਦਕਾ 10 ਨਵੰਬਰ ਤੱਕ 11 ਲੱਖ ਤੋਂ ਵੱਧ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦਾ ਲਾਭ ਦਿੱਤਾ ਗਿਆ ਹੈ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਪਟਿਆਲਾ ਜ਼ਿਲ੍ਹਾ ਹੁਣ ਤੱਕ 96852 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਪ੍ਰਦਾਨ ਕਰਕੇ ਸਭ ਤੋਂ ਅੱਗੇ ਹੈ। ਝੋਨੇ ਦੀ ਆਮਦ ਦੇ ਸੰਬੰਧ ਵਿਚ 10 ਨਵੰਬਰ ਸ਼ਾਮ ਤੱਕ ਸੂਬੇ ਭਰ ਦੀਆਂ ਮੰਡੀਆਂ ਵਿਚ ਕੁੱਲ 15180075.88 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ। ਇਸ ਵਿਚੋਂ 15035129.93 ਮੀਟਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ ਜੋ ਕਿ 99 ਫ਼ੀਸਦ ਬਣਦਾ ਹੈ। ਕੁੱਲ 13567492.78 ਮੀਟਰਕ ਟਨ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ ਜੋ ਹੁਣ ਤੱਕ ਖਰੀਦੀ ਗਈ ਕੁੱਲ ਫਸਲ ਦਾ 90 ਫ਼ੀਸਦ ਦੇ ਕਰੀਬ ਬਣਦਾ ਹੈ। ਅਦਾਇਗੀਆਂ ਦੇ ਸਬੰਧ ਵਿਚ ਕਿਸਾਨਾਂ ਨੂੰ 34000 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।


author

Gurminder Singh

Content Editor

Related News