ਜੀਜੇ ਤੋਂ ਪਿਸਤੌਲ ਤਾਣ ਕੇ 10 ਲੱਖ ਮੰਗਣ ਵਾਲਾ ਸਾਲਾ ਸਾਥੀ ਅਤੇ ਪਿਸਤੌਲ ਸਣੇ ਗ੍ਰਿਫ਼ਤਾਰ

Thursday, Nov 20, 2025 - 06:49 PM (IST)

ਜੀਜੇ ਤੋਂ ਪਿਸਤੌਲ ਤਾਣ ਕੇ 10 ਲੱਖ ਮੰਗਣ ਵਾਲਾ ਸਾਲਾ ਸਾਥੀ ਅਤੇ ਪਿਸਤੌਲ ਸਣੇ ਗ੍ਰਿਫ਼ਤਾਰ

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਅਧੀਨ ਪੈਂਦੇ ਪਿੰਡ ਬੜੈਚ ਵਿਖੇ ਨਰਿੰਦਰ ਸਿੰਘ ਪੁੱਤਰ ਰਾਜਵਿੰਦਰ ਸਿੰਘ ਦੇ ਘਰ ਉਸਦੇ ਸਾਲੇ ਜਸਵੀਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਸਹਿਜਾਦ ਥਾਣਾ ਜੋਧਾਂ ਨੇ 26 ਅਕਤੂਬਰ ਦੀ ਰਾਤ ਸਾਢੇ ਅੱਠ ਵਜੇ ਆਪਣੇ ਪੰਜ ਸਾਥੀਆਂ ਅਤੇ 6 ਹੋਰ ਅਣਪਛਾਤਿਆਂ ਨਾਲ ਘਰ ਅੰਦਰ ਦਾਖਲ ਹੋ ਕੇ ਪਹਿਲਾਂ 10 ਲੱਖ ਦੀ ਮੰਗ ਕੀਤੀ ਨਾ ਦੇਣ ਤੇ ਸਾਲੇ ਜਸਵੀਰ ਸਿੰਘ ਨੇ ਜੀਜੇ ਦੀ ਛਾਤੀ ਤੇ ਪਿਸਤੌਲ ਤਾਣ ਕੇ ਉਸ ਕੋਲੋਂ 50000 ਨਕਦੀ ਖੋਹ  ਲਈ ਸੀ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਸਨ । ਥਾਣਾ ਦਾਖਾ ਦੀ ਪੁਲਿਸ ਨੇ ਸਾਲੇ ਜਸਵੀਰ ਸਿੰਘ ਉਸ ਦੇ ਸਾਥੀਆਂ ਵੀਰਪਾਲ ਸਿੰਘ, ਜੁਗਰਾਜ ਸਿੰਘ, ਮਨਪ੍ਰੀਤ ਸਿੰਘ ਉਰਫ ਹੈਪੀ, ਅਮਨਿੰਦਰ ਸਿੰਘ ਵਾਸੀਆਨ ਪਿੰਡ ਮਨਸੂਰਾਂ, ਕੁਲਵਿੰਦਰ ਸਿੰਘ ਪਿੰਡ ਰਾਜਗੜ ਅਤੇ 6 ਹੋਰ ਅਣਪਛਾਤਿਆਂ ਤੇ ਜੇਰੇ ਧਾਰਾ 308 (2), 331 (6), 351 (2), (3), 191 (3),190 ਬੀ ਐਨ ਐਸ, 25,27/54/59 ਆਰਮ ਐਕਟ ਅਧੀਨ ਕੇਸ ਦਰਜ ਕਰਕੇ ਮਨਪ੍ਰੀਤ ਸਿੰਘ ਉਰਫ ਹੈਪੀ ਅਤੇ ਕੁਲਵਿੰਦਰ ਸਿੰਘ ਕਿੰਦਾ ਨੂੰ ਗ੍ਰਿਫਤਾਰ ਕਰ ਲਿਆ ਸੀ ਜਦ ਕਿ ਸਾਲਾ ਜਸਵੀਰ ਸਿੰਘ ਫਰਾਰ ਚੱਲਿਆ ਆ ਰਿਹਾ ਸੀ ਨੂੰ ਵੀ 12 ਬੋਰ ਪਿਸਤੌਲ ਦੋ ਜਿੰਦਾ ਕਾਰਤੂਸ ਸਣੇ ਅਤੇ ਉਸ ਦੇ ਸਾਥੀ ਰਾਜਵੀਰ ਸਿੰਘ ਸਮੇਤ ਗ੍ਰਿਫਤਾਰ ਕਰ ਲਿਆ ਹੈ । ਜਦ ਕਿ ਵਾਰਦਾਤ ਵਿੱਚ ਵਰਤੀ ਅਲਟੋ ਕਾਰ ਵੀ ਬਰਾਮਦ ਕਰ ਲਈ ਹੈ ਅਤੇ ਹੋਰ ਸਾਥੀਆਂ ਦੀ ਭਾਲ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ । 

ਡੀ ਐਸ ਪੀ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਮੁਖੀ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਜਸਬੀਰ ਸਿੰਘ ਤੋਂ ਜੋ ਪਿਸਤੌਲ ਬਰਾਮਦ ਹੋਈ ਹੈ ਉਹ ਉਸ ਨੇ ਆਪਣੇ ਦੋਸਤ ਤੋਂ ਉਧਾਰੀ ਲਈ ਸੀ ਪੁਲਿਸ ਉਸ ਨੂੰ ਵੀ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਇੱਥੇ ਜਿਕਰਯੋਗ ਹੈ ਕਿ ਪੀੜਤ ਜੀਜੇ ਨਰਿੰਦਰ ਸਿੰਘ ਵਾਸੀ ਪਿੰਡ ਬੜੈਚ ਨੇ ਆਪਣੇ ਬਿਆਨਾਂ ਵਿੱਚ ਦੋਸ਼ ਲਗਾਇਆ ਸੀ ਕਿ 26 ਅਕਤੂਬਰ ਨੂੰ ਵਕਤ ਕਰੀਬ 8- 30 ਰਾਤੀਂ ਮੇਰਾ ਸਾਲਾ ਜਸਵੀਰ ਸਿੰਘ ਕਰੀਬ 10-12 ਬੰਦੇ ਨਾਲ ਲੈ ਕਰ ਤਿੰਨ ਗੱਡੀਆਂ ਸਕਾਰਪੀਉ ਰੰਗ ਕਾਲਾ, ਵੈਗਨਰ ਅਤੇ ਅਲਟੋ ਤੇ ਸਵਾਰ ਹੋ ਕੇ ਸਾਡੇ ਘਰ ਆਇਆ ਜਿਸਨੇ ਕਰੀਬ 5-6 ਵਿਅਕਤੀ ਘਰ ਦੇ ਬਾਹਰ ਖੜੇ ਕਰ ਦਿੱਤੇ ਅਤੇ 5-6 ਵਿਅਕਤੀ ਆਪਣੇ ਨਾਲ ਲੈ ਕੇ ਜਬਰਦਸਤੀ ਘਰ ਅੰਦਰ ਦਾਖਲ ਹੋ ਗਿਆ । ਜਿਸ ਸਮੇਂ ਮੈਂ ਆਪਣੇ ਕਮਰੇ ਵਿੱਚ ਬੈਠਾ ਟੀ.ਵੀ ਦੇਖ ਰਿਹਾ ਸੀ ਅਤੇ ਮੇਰੀ ਪਤਨੀ ਸਵਰਨਜੀਤ ਕੌਰ ਘਰ ਦੇ ਕੰਮਕਾਰ ਕਰ ਰਹੀ ਸੀ ਜੋ ਸਿੱਧਾ ਮੇਰੇ ਕਮਰੇ ਅੰਦਰ ਆਇਆ ਜਿਸਦੇ ਹੱਥ ਵਿੱਚ ਪਿਸਟਲ ਫੜਿਆ ਹੋਇਆ ਸੀ ਬਾਕੀ ਨਾਲ ਦੇ ਸਾਰੇ ਵਿਅਕਤੀਆ ਕੋਲ ਮਾਰੂ ਹਥਿਆਰ ਬੇਸਬਾਲ ਡਾਂਗਾਂ ਫੜੀਆਂ ਹੋਈਆਂ ਸਨ । 

ਉਸ ਨੇ ਅੱਗੇ ਦੱਸਿਆ ਕਿ ਜਸਵੀਰ ਸਿੰਘ ਨੇ ਪਿਸਤੌਲ ਸਿੱਧਾ ਮੇਰੀ ਛਾਤੀ ਤੇ ਲਗਾ ਲਿਆ ਅਤੇ ਮੇਰੇ ਤੋਂ 10 ਲੱਖ ਰੂਪਏ ਦੀ ਮੰਗ ਕਰਨ ਲੱਗਾ ਜਿਸਨੂੰ ਮੈਂ ਕਿਹਾ ਕਿ ਮੇਰੇ ਪਾਸ ਇੰਨੇ ਪੈਸੇ ਨਹੀਂ ਹਨ, ਜੋ ਕਹਿਣ ਲੱਗਾ ਜਿੱਥੋਂ ਮਰਜੀ ਦੇ ਮੈਨੂੰ ਪੈਸੇ ਚਾਹੀਦੇ ਹਨ ਨਹੀਂ ਤਾਂ ਮੈਂ ਤੇਰਾ ਜਾਨੀ ਨੁਕਸਾਨ ਕਰਾਂਗਾ। ਜੋ ਜਬਰਦਸਤੀ ਮੈਨੂੰ ਡਰਾ  ਧਮਕਾ ਕੇ ਮੇਰੇ ਘਰ ਦਰਾਜ ਵਿੱਚ ਪਏ 50,000/-ਰੁਪਏ ਲੈ ਕੇ ਮੈਂਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਤੇ ਇਹ ਕਹਿੰਦਾ ਹੋਇਆ ਕਿ ਪੈਸਿਆਂ ਦਾ ਇੰਤਜਾਮ ਕਰਕੇ ਰੱਖੀਂ ਮੈਂ ਦੁਬਾਰਾ ਫਿਰ ਆਵਾਂਗਾ ਘਰੋਂ ਚਲਾ ਗਿਆ । ਮੇਰਾ ਸਾਲਾ ਜਸਵੀਰ ਸਿੰਘ ਤੇ ਉਸ ਦੇ ਸਾਥੀ ਕੱਲ ਦੇ  ਫਿਰ ਦੁਬਾਰਾ ਸਾਡੇ ਘਰ ਦੇ ਆਸ ਪਾਸ ਗੇੜੇ ਕੱਢ ਰਹੇ ਹਨ, ਜੋ ਮੇਰਾ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ ਕ੍ਰਿਪਾ ਕਰਕੇ ਉਕਤਾਨ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ । ਹੁਣ ਤੱਕ ਅਸੀਂ ਡਰਦੇ ਮਾਰੇ ਕਿਸੇ ਨਾਲ ਕੋਈ ਪਹਿਲਾਂ ਗੱਲ ਨਹੀ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਏ ਐੱਸ ਆਈ ਸੁਰਿੰਦਰ ਸਿੰਘ ਕਰ ਰਹੇ ਹਨ ਨੇ ਦੱਸਿਆ ਕਿ ਇਹਨਾਂ ਕੋਲੋਂ ਵਾਰਦਾਤ ਵਿੱਚ ਵਰਤੀ ਅਲਟੋ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਅਤੇ ਇਸ ਮਾਮਲੇ ਦੀ ਪੜਤਾਲ ਡੂੰਘਾਈ ਨਾਲ ਕੀਤੀ ਜਾ ਰਹੀ ਹੈ ।


author

Anmol Tagra

Content Editor

Related News