ਸਵਿਫਟ ਨਾਲ ਟਕਰਾਉਣ ਤੋਂ ਬਾਅਦ ਆਡੀ ਕਾਰ ਖੰਭੇ ’ਚ ਵੱਜੀ
Monday, Jul 30, 2018 - 07:04 AM (IST)

ਜਲੰਧਰ, (ਮਹੇਸ਼)- ਅਰਬਨ ਅਸਟੇਟ ਫੇਜ਼-2 ’ਚ ਟਰੈਫਿਕ ਲਾਈਟਾਂ ਕੋਲ ਐਤਵਾਰ ਨੂੰ ਦੁਪਹਿਰ ਸਮੇਂ 2 ਕਾਰਾਂ ਆਡੀ ਤੇ ਸਵਿਫਟ ਡਿਜ਼ਾਇਰ ਦੀ ਟੱਕਰ ਹੋ ਗਈ, ਜਿਸ ਤੋਂ ਬਾਅਦ ਤੇਜ਼ ਰਫਤਾਰ ਆਡੀ ਕਾਰ ਨੇੜੇ ਹੀ ਲੱਗੇ ਇਕ ਖੰਭੇ ਨਾਲ ਜਾ ਟਕਰਾਈ। ਇਕ ਕਾਰ ਚੰਡੀਗੜ੍ਹ ਨੰਬਰ ਦੀ ਤੇ ਦੂਜੀ ਪੰਜਾਬ ਨੰਬਰ ਦੀ ਸੀ। ਆਡੀ ਕਾਰ ’ਚ ਇਕ ਹੀ ਵਿਅਕਤੀ ਸਵਾਰ ਸੀ, ਜਦਕਿ ਸਵਿਫਟ ’ਚ ਇਕ ਫੈਮਿਲੀ ਦੇ ਮੈਂਬਰ ਸਨ, ਜੋ ਕਿ ਹੁਸ਼ਿਆਰਪੁਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਦੋਵਾਂ ਕਾਰਾਂ ਦੀ ਟੱਕਰ ਤੋਂ ਬਾਅਦ ਉਨ੍ਹਾਂ ਦੇ ਚਾਲਕ ਇਕ-ਦੂਜੇ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਉਂਦੇ ਰਹੇ।
ਹਾਦਸੇ ਦੀ ਸੂਚਨਾ ਮਿਲਦਿਅਾਂ ਹੀ ਥਾਣਾ ਨੰ. 7 ਦੀ ਪੁਲਸ ਮੌਕੇ ’ਤੇ ਪਹੁੰਚੀ ਤੇ ਚਾਲਕਾਂ ਨੂੰ ਸ਼ਾਂਤ ਕਰ ਕੇ ਜਾਂਚ ਸ਼ੁਰੂ ਕੀਤੀ। ਐਡੀਸ਼ਨਲ ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਕਾਰਾਂ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ।
ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਅਾਂ ਨੇ ਸੋਮਵਾਰ ਸਵੇਰ ਦਾ ਥਾਣੇ ’ਚ ਸਮਾਂ ਰੱਖਿਆ ਹੈ। ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।