ਸਿੰਘ ਸਾਹਿਬ ਨੂੰ ਸਪੱਸ਼ਟਕੀਰਨ ਦੇਣ ਤੋਂ ਬਾਅਦ ਕੀ ਬੋਲੇ CM ਮਾਨ

Thursday, Jan 15, 2026 - 01:36 PM (IST)

ਸਿੰਘ ਸਾਹਿਬ ਨੂੰ ਸਪੱਸ਼ਟਕੀਰਨ ਦੇਣ ਤੋਂ ਬਾਅਦ ਕੀ ਬੋਲੇ CM ਮਾਨ

ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਹਮਣੇ ਪੇਸ਼ ਹੋਏ। ਸਿੰਘ ਸਾਹਿਬਾਨ ਅੱਗੇ ਆਪਣਾ ਪੱਖ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਬੰਧਾਂ ਨੂੰ ਲੈ ਕੇ ਲਗਭਗ 25 ਹਜ਼ਾਰ ਸ਼ਿਕਾਇਤਾਂ ਆਈਆਂ ਸਨ, ਜਿਨ੍ਹਾਂ ਦਾ ਸਾਰਾ ਰਿਕਾਰਡ ਅਤੇ ਲਿਖਤੀ ਸਬੂਤ ਉਨ੍ਹਾਂ ਨੇ ਸਿੰਘ ਸਾਹਿਬ ਨੂੰ ਸੌਂਪ ਦਿੱਤੇ ਹਨ। ਮੁੱਖ ਮੰਤਰੀ ਨੇ 328 ਪਾਵਨ ਸਰੂਪਾਂ ਦੇ ਮਾਮਲੇ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਮਿਲ ਰਿਹਾ। ਉਨ੍ਹਾਂ ਨੇ ਸਿੰਘ ਸਾਹਿਬ ਨੂੰ ਅਪੀਲ ਕੀਤੀ ਕਿ ਸਰਕਾਰ ਨੂੰ ਰਿਕਾਰਡ ਤੱਕ ਪਹੁੰਚ (ਪਾਸਵਰਡ) ਦਿੱਤਾ ਜਾਵੇ ਤਾਂ ਜੋ ਇਨ੍ਹਾਂ ਅਣਅਧਿਕਾਰਤ ਸਰੂਪਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਰਿਕਾਰਡ ਮਿਲਾਉਣ ਵਿਚ ਮਦਦ ਮਿਲ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰੂਪਾਂ ਦੇ ਮਾਮਲੇ ਵਿਚ ਸਰਕਾਰ ਕੋਈ ਕੇਸ ਦਰਜ ਨਹੀਂ ਕਰ ਰਹੀ ਅਤੇ ਨਾ ਹੀ ਕਿਸੇ ਧਾਰਮਿਕ ਗਤੀਵਿਧੀ ਨੂੰ ਰੋਕ ਰਹੀ ਹੈ, ਸਗੋਂ ਮਰਿਆਦਾ ਅਨੁਸਾਰ ਕੰਮ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਸਪੱਸ਼ਟੀਕਰਨ ਦੇਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚੇ ਭਗਵੰਤ ਮਾਨ

PunjabKesari

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਤੇ ਕੀ ਕਿਹਾ

ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਬਾਰੇ ਸਪੱਸ਼ਟੀਕਰਨ ਦਿੰਦਿਆਂ ਮਾਨ ਨੇ ਕਿਹਾ ਕਿ ਉਹ ਵੀਡੀਓ ਪੂਰੀ ਤਰ੍ਹਾਂ ਨਕਲੀ (AI ਦੁਆਰਾ ਤਿਆਰ) ਹੈ।  ਜਿਸ ਬਾਰੇ ਉਨ੍ਹਾਂ ਜਥੇਦਾਰ ਨੂੰ ਕਿਹਾ ਕਿ ਜਿਹੜੀ ਵੀਡੀਓ ਨਕਲੀ ਹੈ, ਉਹ ਉਸ ਬਾਰੇ ਗੱਲ ਕਿਉਂ ਕਰਨ। ਸਉਨ੍ਹਾਂ ਜਥੇਦਾਰ ਨੂੰ ਕਿਹਾ ਕਿ ਦੁਨੀਆ ਦੀ ਜਿਹੜੀ ਮਰਜ਼ੀ ਲੈਬ ਤੋਂ ਉਸ ਵੀਡੀਓ ਦੀ ਜਾਂਚ ਕਰਵਾਈ ਜਾ ਸਕਦੀ ਹੈ। ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ਦੇ ਵੱਖ ਪਲੇਟਫਾਰਮਾਂ 'ਤੇ ਇੰਝ ਦਰਸਾਇਆ ਜਾ ਰਿਹਾ ਹੈ ਕਿ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਰਿਹਾ ਹੈ। ਉਨ੍ਹਾਂ ਸਿੰਘ ਸਾਹਿਬ ਨੂੰ ਸਪੱਸ਼ਟ ਕੀਤਾ ਹੈ ਕਿ ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਤਖ਼ਤ ਸਾਹਿਬ ਨਾਲ ਮੱਥ ਲਾ ਸਕਾਂ। 

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ ਜਥੇਦਾਰ ਗੜਗੱਜ

ਜਥੇਦਾਰ ਸਾਹਿਬ ਦਾ ਫੈਸਲਾ ਹੋਵੇਗਾ ਸਿਰ ਮੱਥੇ 

ਭਗਵੰਤ ਮਾਨ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਹਰ ਇਕ ਕਾਗਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਜੋ ਵੀ ਆਦੇਸ਼ ਦਿੱਤਾ ਜਾਵੇਗਾ, ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਜਦੋਂ ਬੁਲਾਇਆ ਜਾਵੇਗਾ, ਹਾਜ਼ਰ ਹੋਣਗੇ।


author

Gurminder Singh

Content Editor

Related News