ਕਾਰ ਤੇ ਮੋਟਰਸਾਈਕਲ ਦੀ ਟੱਕਰ ''ਚ ਇਕ ਦੀ ਮੌਤ, ਮਾਮਲਾ ਦਰਜ
Monday, Jan 19, 2026 - 03:33 PM (IST)
ਗੁਰੂਹਰਸਹਾਏ (ਸਿਕਰੀ) : ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਮੋਹਨ ਕੇ ਹਿਠਾੜ ਵਿਖੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਗੁਰੂਹਰਸਹਾਏ ਪੁਲਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਸੇਵਕ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਾਗੀਆ ਜ਼ਿਲ੍ਹਾ ਲੁਧਿਆਣਾ ਹਾਲ, ਪਿੰਡ ਲੰਗੇਆਣਾ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਮੁੰਡਾ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਪਾਲੀ ਵਾਲਾ (ਮੰਡੀ ਅਮੀਮ ਗੰਜ) ਉਮਰ ਕਰੀਬ 20 ਸਾਲ 17 ਜਨਵਰੀ 2026 ਨੂੰ ਉਸ ਨੂੰ ਪਿੰਡ ਲੰਗੇਆਣਾ ਮਿਲਣ ਲਈ ਆਇਆ ਸੀ।
ਉਨ੍ਹਾਂ ਕੋਲ ਰਾਤ ਰਹਿ ਕੇ 18 ਜਨਵਰੀ ਨੂੰ ਕਰੀਬ 2 ਵਜੇ ਦੁਪਹਿਰ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦ ਉਹ ਪਿੰਡ ਮੋਹਨ ਕੇ ਹਿਠਾੜ ਕਰਾਸ ਕਰ ਚੁੱਕਾ ਸੀ ਤਾਂ ਇਕ ਤੇਜ਼ ਰਫਤਾਰ ਕਾਰ, ਜਿਸ ਨੂੰ ਦੋਸ਼ੀ ਜਸਮੀਤ ਕੌਰ ਪੁੱਤਰੀ ਰਾਜ ਕੁਮਾਰ ਵਾਸੀ ਖੈਰੇ ਕੇ ਉਤਾੜ ਲਾਪਰਵਾਹੀ ਨਾਲ ਚਲਾ ਰਿਹਾ ਸੀ, ਲਿਆ ਕੇ ਗੁਰਵਿੰਦਰ ਸਿੰਘ ਦੇ ਮੋਟਰਸਾਈਕਲ ਵਿਚ ਮਾਰੀ। ਉਸ ਦੇ ਜ਼ਿਆਦਾ ਸੱਟਾਂ ਹੋਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
