ਦਰਦਨਾਕ ਹਾਦਸੇ ਦਾ ਸ਼ਿਕਾਰ ਹੋਈ ਸਕੂਲ ਵੈਨ, ਟਰੱਕ ਦੀ ਟੱਕਰ ਮਗਰੋਂ ਵੱਜੀ ਇਕ ਹੋਰ ਗੱਡੀ, ਅਧਿਆਪਕ ਜ਼ਖ਼ਮੀ
Saturday, Jan 17, 2026 - 12:15 PM (IST)
ਗੁਰਦਾਸਪੁਰ (ਹਰਮਨ): ਅੱਜ ਸਵੇਰੇ ਸੰਘਣੀ ਧੁੰਦ ਕਾਰਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਬੜੀ ਹੀ ਦੁਖਦਾਈ ਅਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਫਤਿਹਗੜ੍ਹ ਚੂੜੀਆਂ ਦੇ ਅਧਿਆਪਕ, ਜੋ ਪਠਾਨਕੋਟ–ਗੁਰਦਾਸਪੁਰ ਵੱਲੋਂ ਫਤਿਹਗੜ੍ਹ ਚੂੜੀਆਂ ਸਕੂਲ ਡਿਊਟੀ ਲਈ ਆ ਰਹੇ ਸਨ, ਉਨ੍ਹਾਂ ਦੀ ਗੱਡੀ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਨੜਾਵਾਲੀ ਵਿਖੇ ਇੱਕ ਟਰੱਕ ਨਾਲ ਜ਼ੋਰਦਾਰ ਟਕਰਾਅ ਕਰ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਸ ਵਿੱਚ ਸਵਾਰ ਅਧਿਆਪਕਾਂ ਨੂੰ ਭਾਰੀ ਸੱਟਾਂ ਲੱਗੀਆਂ। ਇਸ ਗੱਡੀ ਦੇ ਪਿੱਛੇ ਆ ਰਹੀ ਇੱਕ ਹੋਰ ਕਾਰ ਵੀ ਇਸ ਵਿੱਚ ਟਕਰਾ ਗਈ, ਜਿਸ ਕਾਰਨ ਹਾਦਸਾ ਹੋਰ ਵੀ ਭਿਆਨਕ ਬਣ ਗਿਆ। ਕਾਰ ਟਕਰਾਉਣ ਨਾਲ ਅਧਿਆਪਕਾਂ ਦੀ ਉਕਤ ਗੱਡੀ ਦੇ ਦੋਵੇਂ ਟਾਇਰ ਪਿਛਲੇ ਪਾਸੇ ਚੁੱਕੇ ਗਏ ਅਤੇ ਕਾਰ ਗੱਡੀ ਦੇ ਹੇਠਾਂ ਵੜ੍ਹ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਵੱਲੋਂ ਤੁਰੰਤ ਮਦਦ ਕਰਦੇ ਹੋਏ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕੁਝ ਅਧਿਆਪਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਪਈ ਸੰਘਣੀ ਧੁੰਦ ਕਾਰਨ ਵਾਪਰਿਆ, ਜਿਸ ਕਾਰਨ ਸੜਕ ’ਤੇ ਦ੍ਰਿਸ਼ਟੀ ਬਹੁਤ ਘੱਟ ਰਹਿ ਗਈ ਸੀ। ਇਸ ਹਾਦਸੇ ਤੋਂ ਬਾਅਦ ਅਧਿਆਪਕ ਵਰਗ ਅਤੇ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਪੈ ਰਹੀ ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਨਾ ਕਰਨ ਕਾਰਨ ਅਧਿਆਪਕਾਂ ਅਤੇ ਬੱਚਿਆਂ ਨੂੰ ਜਾਨ ਖ਼ਤਰੇ ਵਿੱਚ ਪਾ ਕੇ ਸਕੂਲ ਜਾਣਾ ਪੈ ਰਿਹਾ ਹੈ।
ਰੋਸ ਜਤਾਉਂਦੇ ਹੋਏ ਅਧਿਆਪਕ ਵਰਗ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਸਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ। ਫ਼ਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
