ਗੁਰਦੁਆਰੇ ’ਚ ਲੰਗਰ ਖਾਣ ਤੋਂ ਬਾਅਦ ਲੋਕਾਂ ਦੇ ਬਿਮਾਰ ਪੈਣ ਦੀ ਘਟਨਾ ’ਤੇ ਸਿਹਤ ਵਿਭਾਗ ਵਲੋਂ ਕਾਰਵਾਈ ਸ਼ੁਰੂ
Saturday, Jan 17, 2026 - 08:33 AM (IST)
ਲੁਧਿਆਣਾ (ਸੁਧੀਰ) : ਮਾਘੀ ਮੌਕੇ ਪਿੰਡ ਇਆਲੀ ਕਲਾਂ ਲੁਧਿਆਣਾ ਵਿੱਚ ਗੁਰਦੁਆਰਾ ਸਾਹਿਬ ਵਿਚ ਲੰਗਰ ’ਚ ਗਜਰੇਲਾ ਖਾਣ ਤੋਂ ਬਾਅਦ 50 ਲੋਕਾਂ ਦੇ ਬਿਮਾਰ ਹੋਣ ਦੀ ਸੂਚਨਾ ਸਿਹਤ ਵਿਭਾਗ ਨੂੰ ਪ੍ਰਾਪਤ ਹੋਈ ਸੀ। ਸੂਚਨਾ ਮਿਲਦੇ ਹੀ ਸਿਹਤ ਵਿਭਾਗ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਿੰਘ ਡੇਅਰੀ, ਬਾੜੇਵਾਲ ਰੋਡ ਤੋਂ ਲੰਗਰ ’ਚ ਵਰਤੇ ਗਏ ਦੇਸੀ ਘਿਓ ਅਤੇ ਖੋਏ ਦੇ ਨਮੂਨੇ ਇਕੱਠੇ ਕਰ ਕੇ ਮਨਜ਼ੂਰਸ਼ੁਦਾ ਲੈਬੋਰਟਰੀ ਨੂੰ ਜਾਂਚ ਲਈ ਭੇਜੇ ਗਏ ਹਨ।
ਇਹ ਵੀ ਪੜ੍ਹੋ : 'ਅਸੀਂ ਦਰਦ ਦੱਸਣ ਆਏ ਹਾਂ, ਜੇਕਰ ਤੁਸੀਂ ਨਹੀਂ ਸੁਣਦੇ ਤਾਂ 2027 'ਚ ਲੋਕ ਸੁਣਾਉਣ ਲਈ ਤਿਆਰ': ਰਵਨੀਤ ਬਿੱਟੂ
ਇਸ ਮੌਕੇ ਡਾ. ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ ਨੇ ਕਿਹਾ ਕਿ ਘਟਨਾ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਨਮੂਨਿਆਂ ਦੀ ਰਿਪੋਰਟ ਆਉਣ ਉਪਰੰਤ ਦੋਸ਼ੀ ਪਾਏ ਜਾਣ ’ਤੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੂੰ ਅਪੀਲ ਹੈ ਕਿ ਖਾਧ ਪਦਾਰਥਾਂ ਦੀ ਤਿਆਰੀ ਅਤੇ ਵੰਡ ਦੌਰਾਨ ਸਾਫ਼-ਸਫ਼ਾਈ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਸਿਹਤ ਵਿਭਾਗ ਵਲੋਂ ਸਥਿਤੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਬਿਮਾਰ ਵਿਅਕਤੀਆਂ ਨੂੰ ਲੋੜੀਂਦੀ ਇਲਾਜ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਗੁਰਦੁਆਰਾ ਪ੍ਰਬੰਧਨ ਦਾ ਕਹਿਣਾ ਹੈ ਕਿ ਗਜਰੇਲੇ ਦਾ ਲੰਗਰ ਗੁਰਦੁਆਰਾ ਤੋਂ ਬਾਹਰ ਕੁਝ ਲੋਕਾਂ ਨੇ ਮਿਲ ਕੇ ਲਗਾਇਆ ਸੀ।
