ਦੂਰਦਰਸ਼ਨ ਦੇ ਪ੍ਰਾਇਮਰੀ ਸਿੱਖਿਆ ਪ੍ਰਸਾਰਣ ਨੂੰ ਬੱਚਿਆਂ ਤੱਕ ਲਿਖਤੀ ਭੇਜਣ ਦਾ ਅਧਿਆਪਕਾਂ ਵੱਲੋਂ ਨਿਵੇਕਲਾ ਕਾਰਜ
Saturday, Jun 13, 2020 - 06:49 PM (IST)
ਦਿੜਬਾ ਮੰਡੀ( ਅਜੈ ) - ਕੋਰੋਨਾ ਮਹਾਮਾਰੀ ਦੀ ਔਖੀ ਘੜੀ ਦੌਰਾਨ ਸਿੱਖਿਆ ਵਿਭਾਗ ਵੱਲੋਂ ਦੂਰਦਰਸ਼ਨ ਦੇ ਡੀ.ਡੀ.ਪੰਜਾਬੀ. ਚੈੱਨਲ ਰਾਹੀਂ ਪ੍ਰਸਾਰਿਤ ਹੋ ਰਹੇ ਸਿੱਖਿਆ ਪ੍ਰੋਗਰਾਮਾਂ ਨੂੰ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਤੱਕ ਲਿਖਤੀ ਰੂਪ ਵਿਚ ਲਿਜਾਣ ਲਈ ਸੰਗਰੂਰ, ਪਟਿਆਲਾ, ਹੁਸ਼ਿਆਰਪੁਰ ਜ਼ਿਲ੍ਹਾ ਦੇ ਈ.ਟੀ.ਟੀ. ਅਧਿਆਪਕਾਂ ਦੀ ਇੱਕ 8 ਮੈਂਬਰੀ ਉਤਸ਼ਾਹੀ ਟੀਮ ਵੱਲੋਂ ਨਵੇਕਲਾ ਉਪਰਾਲਾ ਪਿਛਲੇ ਢਾਈ ਮਹੀਨਿਆਂ ਤੋਂ ਨਿਰੰਤਰ ਕੀਤਾ ਜਾ ਰਿਹਾ ਹੈ, ਜੋ ਕਿ ਬੱਚਿਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ । ਇਸ ਸਬੰਧੀ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਇਸ ਟੀਮ ਦੇ ਮੈਂਬਰਾਂ ਵੱਲੋਂ 25, 30 ਪੰਨਿਆਂ ਦੀ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ 'ਚ ਹਰ ਰੋਜ਼ ਤਿਆਰ ਕੀਤੀ ਜਾਂਦੀ ਇਹ ਸਕ੍ਰਿਪਟ ਦੂਰਦਰਸ਼ਨ 'ਤੇ ਪ੍ਰਾਇਮਰੀ ਕਲਾਸਾਂ ਤੀਸਰੀ ਤੋਂ ਪੰਜਵੀਂ ਦੇ ਸਿੱਖਿਆ ਪ੍ਰੋਗਰਾਮਾਂ ਅਧਾਰਿਤ ਤਿਆਰ ਕੀਤੀ ਜਾਂਦੀ ਹੈ, ਜੋ ਉਨ੍ਹਾਂ ਲਈ ਵਰਦਾਨ ਸਿੱਧ ਹੋ ਰਹੀ ਹੈ, ਕਿਉਂਕਿ ਛੋਟੇ ਬੱਚੇ ਕਈ ਵਾਰ ਕਿਸੇ ਕਾਰਨ ਟੀ.ਵੀ ਪ੍ਰਸਾਰਣ ਨਹੀ ਦੇਖ ਪਾਉਂਦੇ ਜਾਂ ਪੂਰਨ ਰੂਪ ਸਮਝਣ ਤੋਂ ਕੋਈ ਕਮੀ ਰਹਿ ਜਾਂਦੀ ਹੈ , ਉਹ ਇਸ ਮਟੀਰੀਅਲ ਤੋਂ ਖੂਬ ਲਾਹਾ ਖੱਟਦੇ ਹਨ ।
ਇਸ ਟੀਮ ਦੇ ਮੈਂਬਰਾਂ ਵੱਲੋਂ ਆਪਣੇ ਸਕੂਲ ਦੀ ਆਪਣੀ ਕਲਾਸ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਤੋਂ ਇਲਾਵਾ ਇਹ ਵੱਖਰੇ ਰੂਪ ਵਿਚ ਇਕ ਮਿਸ਼ਨ ਦੇ ਰੂਪ 'ਚ ਕੰਮ ਕੀਤਾ ਜਾ ਰਿਹਾ ਹੈ । ਟੀਮ ਦੇ ਇੰਚਾਰਜ ਹਿਮਾਂਸ਼ੂ ਸਿੰਗਲਾ ਈ.ਟੀ.ਟੀ. ਅਧਿਆਪਕ ਜ਼ਿਲ੍ਹਾ ਸੰਗਰੂਰ ਨੇ ਦੱਸਿਆ ਕਿ ਦੂਰਦਰਸ਼ਨ ਪੰਜਾਬੀ 'ਤੇ ਜੋ ਪ੍ਰਾਇਮਰੀ ਵਰਗ ਦਾ ਕੰਮ, ਵਿਸ਼ਾ ਮਾਹਿਰਾਂ ਦੁਆਰਾ ਸਵੇਰੇ 9 ਵਜੇ ਤੋਂ ਸ਼ੁਰੂ ਕੀਤਾ ਜਾਂਦਾ ਹੈ, ਉਸ ਕੰਮ ਨੂੰ ਸਾਡੀ ਟੀਮ ਵੱਲੋਂ ਲਿਖਤੀ ਸਕ੍ਰਿਪਟ ਤਿਆਰ ਕਰਕੇ ਸੂਬੇ ਭਰ ਦੇ ਸਾਰੇ ਹੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਵੱਖ-ਵੱਖ ਵੱਟਸਐਪ ਗਰੁੱਪਾਂ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆਂ ਪਲੇਟਫਾਰਮ ਰਾਹੀਂ ਪਹੁੰਚਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਇੱਕ ਹਜ਼ਾਰ ਦੇ ਕਰੀਬ ਅਧਿਆਪਕ ਇਸ ਕੰਮ ਨਾਲ ਸਿੱਧੇ ਤੌਰ ਤੇ ਸਾਡੀ ਟੀਮ ਵੱਲੋਂ ਚਲਾਏ ਜਾ ਰਹੇ ਚਾਰ ਵਟਸਐੱਪ ਗਰੁੱਪਾਂ ਵਿੱਚ ਸ਼ਾਮਲ ਹਨ, ਇਸ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਚ ਜਿੰਨੇ ਵੀ ਅਧਿਆਪਕਾਂ ਦੇ ਗਰੁੱਪ ਬਣੇ ਹੋਏ ਹਨ ਉਨ੍ਹਾਂ ਵਿਚ ਵੀ ਇਹ ਕੰਮ ਭੇਜਿਆ ਜਾਂਦਾ ਹੈ ।
ਉਨ੍ਹਾਂ ਦੱਸਿਆ ਕਿ ਇਸ ਟੀਮ ਵਿਚ ਸ਼ਾਮਲ ਵਿਸ਼ਾਲ ਕੁਮਾਰ ਪਟਿਆਲਾ ਲਿਖਤੀ ਕੰਮ ਪ੍ਰਾਪਤ ਕਰਕੇ ਉਸਦੀ ਸਕ੍ਰਿਪਟ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਗੁਰਵਿੰਦਰ ਸਿੰਘ ਸੰਗਰੂਰ ਪੰਜਾਬੀ ਦੀ ਸਕ੍ਰਿਪਟ ਤਿਆਰ ਕਰਦੇ ਹਨ , ਮੈਡਮ ਕਿਰਨ ਹੁਸ਼ਿਆਰਪੁਰ ਅੰਗਰੇਜੀ ਦੀ ਸੁੰਦਰ ਲਿਖਾਈ ਦੇ ਮਾਹਿਰ ਹੋਣ ਦੇ ਨਾਲ਼ ਆਪਣੇ ਕੰਮ ਵਿਚ ਕਲਾਂ ਦਾ ਪ੍ਰਯੋਗ ਕਰਕੇ ਸਕ੍ਰਿਪਟ ਨੂੰ ਹੋਰ ਸ਼ਾਨਦਾਰ ਬਣਾਉਂਦੇ ਹਨ, ਨਵਨੀਤ ਕੌਰ ਪਟਿਆਲਾ ਉਹ ਗਣਿਤ ਦੀ ਪੰਜਾਬੀ ਮਾਧਿਅਮ ਦੀ ਸਕ੍ਰਿਪਟ ਤਿਆਰ ਕਰਦੇ ਹਨ, ਬੰਧਨਾ ਸਿੰਗਲਾ ਪਟਿਆਲਾ ਜੋ ਕਿ ਵਾਤਾਵਰਨ ਵਿਸ਼ੇ ਦੀਆਂ ਸਾਰੀ ਜਮਾਤਾਂ ਦੀ ਪੰਜਾਬੀ ਮਾਧਿਅਮ ਵਿਚ ਸਕ੍ਰਿਪਟ ਤਿਆਰ ਕਰਦੇ ਹਨ, ਨਵਦੀਪ ਕੌਰ ਪਟਿਆਲਾ ਗਣਿਤ ਦੀ ਸਾਰੀ ਜਮਾਤਾਂ ਦੀ ਅੰਗਰੇਜੀ ਵਿਚ ਸਕ੍ਰਿਪਟ ਤਿਆਰ ਕਰਦੇ ਹਨ, ਸੁਖਦਾ ਸ਼ਰਮਾ ਪਟਿਆਲਾ ਸਾਰੀਆਂ ਜਮਾਤਾਂ ਦੇ ਵਾਤਾਵਰਨ ਵਿਸ਼ੇ ਦੇ ਕਰਵਾਏ ਗਏ ਕੰਮ ਦੀ ਅੰਗਰੇਜ਼ੀ ਵਿੱਚ ਸਕ੍ਰਿਪਟ ਤਿਆਰ ਕਰਦੇ ਹਨ ਅਤੇ ਹਿੰਦੀ ਦਾ ਕੰਮ ਅਧਿਆਪਕ ਹਿਮਾਸ਼ੂ ਤੇ ਵਿਸ਼ਾਲ ਵੱਲੋ ਸਾਂਝੇ ਯਤਨ ਕਰਕੇ ਪੂਰਾ ਕੀਤਾ ਜਾਂਦਾ ਹੈ ।