ਪਾਵਨ ਸਰੂਪ ਅਟੈਚੀ 'ਚ ਬੰਦ ਕਰਕੇ ਜਹਾਜ਼ ਰਾਹੀਂ ਲਿਜਾਣਾ ਮੰਦਭਾਗਾ : ਗਿਆਨੀ ਹਰਪ੍ਰੀਤ ਸਿੰਘ
Friday, Nov 20, 2020 - 03:54 PM (IST)
ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਅਕਤੀਆਂ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਟੈਚੀ 'ਚ ਬੰਦ ਕਰਕੇ ਜਹਾਜ਼ ਰਾਹੀਂ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਉਹ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਮਾਨ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਣਾ ਬਹੁਤ ਹੀ ਵੱਡਾ ਨਿਰਾਦਰ ਹੈ, ਜੋ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਸਿੰਘ ਸਾਹਿਬ ਨੇ ਪ੍ਰਸ਼ਾਸਨ ਨੂੰ ਵੀ ਹਿਦਾਇਤ ਕੀਤੀ ਕਿ ਜਸਬੀਰ ਸਿੰਘ ਅਤੇ ਜਵਾਲਾ ਸਿੰਘ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਕੋਈ ਵਿਅਕਤੀ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਇਸ ਤੋਂ ਇਲਾਵਾ ਸਿੰਘ ਸਾਹਿਬ ਨੇ ਇਕ ਉੱਚ ਪੱਧਰੀ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ, ਜੋ ਇਸ ਮਾਮਲੇ ਦੀ ਪੂਰੀ ਡੂੰਘਾਈ ਤੱਕ ਪੜਤਾਲ ਕਰੇਗੀ। ਕੀ ਅਜਿਹੇ ਵਿਅਕਤੀਆਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਲੋਕ ਸਾਹਮਣੇ ਆ ਸਕਣ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸਿੰਘ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸਮੇਂ ਸਿਰ ਕਾਰਵਾਈ ਕਰਕੇ ਗੁਰੂ ਸਾਹਿਬ ਜੀ ਦਾ ਨਿਰਾਦਰ ਹੋਣ ਤੋਂ ਬਚਾ ਲਿਆ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਦੋਸ਼ੀਆਂ ਨੂੰ ਕਾਬੂ ਕਰਕੇ ਪੁਲਸ ਹਵਾਲੇ ਕੀਤਾ।
ਇਹ ਵੀ ਪੜ੍ਹੋ : ਪਾਣੀਆਂ ਦੇ ਮਸਲੇ 'ਤੇ ਕਾਰਵਾਈ ਲਈ ਬੈਂਸ ਭਰਾਵਾਂ ਵਲੋਂ ਸੂਬਾ ਸਰਕਾਰ ਨੂੰ 3 ਮਹੀਨੇ ਦਾ ਅਲਟੀਮੇਟ
ਇਹ ਸੀ ਮਾਮਲਾ
ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਟੈਚੀ ਵਿਚ ਪਾ ਕੇ ਊਨਾ ਲਿਜਾ ਰਹੇ ਪਿਉ -ਪੁੱਤ ਖਿਲਾਫ਼ ਥਾਣਾ ਹਵਾਈ ਅੱਡਾ ਰਾਜਾਸਾਂਸੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਪਾਵਨ ਸਰੂਪ ਭਾਈ ਕੀ ਸਮਾਧ ਜ਼ਿਲ੍ਹਾ ਮੋਗਾ ਦੇ ਇਕ ਡੇਰੇ ਦੇ ਮੁਖੀ ਬਾਬਾ ਕੁਲਵੰਤ ਸਿੰਘ ਤੋਂ ਲਿਆਂਦਾ ਗਿਆ ਸੀ ਅਤੇ ਮਰਿਅਦਾ ਦੇ ਉਲਟ ਉਕਤ ਵਿਅਕਤੀਆਂ ਨੇ ਪੈਰਾਂ 'ਚ ਬੂਟ ਪਾਏ ਹੋਏ ਸਨ ਅਤੇ ਨਾ ਹੀ ਚੌਰ ਸਾਹਿਬ ਕੀਤਾ ਜਾ ਰਿਹਾ ਸੀ। ਇਹ ਪਤਾ ਲੱਗਣ 'ਤੇ ਸਿੱਖ ਸੰਗਤਾਂ ਹਵਾਈ ਅੱਡੇ 'ਤੇ ਇਕੱਠੀਆਂ ਹੋ ਗਈਆਂ ਅਤੇ ਗੁਰੂ ਸਾਹਿਬ ਦਾ ਸਰੂਪ ਮਰਿਆਦਾ ਸਹਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸੁਸ਼ੋਭਿਤ ਕੀਤਾ ਗਿਆ। ਸੰਗਤਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਜੇਕਰ ਗੁਰੂ ਸਾਹਿਬ ਦਾ ਸਰੂਪ ਗਲਤ ਹੱਥਾਂ 'ਚ ਚਲਿਆ ਜਾਂਦਾ ਤਾਂ ਇਸ ਦੀ ਬੇਅਦਬੀ ਵੀ ਹੋ ਸਕਦੀ ਸੀ, ਜਿਸ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਇਸ ਤਰ੍ਹਾਂ ਦੇ ਬਾਬਿਆਂ ਨੂੰ ਨੱਥ ਪਾਉਣ ਲਈ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : 'ਜਾਗੋ' ਨੇ ਜਥੇਦਾਰ ਦੇ ਬਿਆਨ ਦੇ ਅਰਥਾਂ ਨੂੰ ਸਮਝਣ ਦੀ ਕੀਤੀ ਅਪੀਲ