ਜਨਵਰੀ ਮਹੀਨੇ ’ਚ ਟਿਕਟ ਚੈਕਿੰਗ ਰਾਹੀਂ 2.52 ਕਰੋੜ ਰੁਪਏ ਦਾ ਮਾਲੀਆ ਹੋਇਆ ਇਕੱਠਾ
Wednesday, Feb 04, 2026 - 08:22 AM (IST)
ਅੰਮ੍ਰਿਤਸਰ (ਜਸ਼ਨ) : ਫਿਰੋਜ਼ਪੁਰ ਰੇਲ ਮੰਡਲ ਦੇ ਟਿਕਟ ਚੈਕਿੰਗ ਸਟਾਫ ਵੱਲੋਂ ਟ੍ਰੇਨਾਂ ’ਚ ਬਿਨਾਂ ਟਿਕਟ ਜਾਂ ਗੈਰ-ਨਿਯਮਤ ਤਰੀਕੇ ਨਾਲ ਯਾਤਰਾ ਕਰਨ ਵਾਲੇ ਰੇਲ ਯਾਤਰੀਆਂ ’ਤੇ ਰੋਕ ਲਗਾਉਣ ਲਈ ਸਖ਼ਤ ਟਿਕਟ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਮੰਡਲ ਦੇ ਟਿਕਟ ਚੈਕਿੰਗ ਸਟਾਫ ਅਤੇ ਮੁੱਖ ਟਿਕਟ ਇੰਸਪੈਕਟਰਾਂ ਵੱਲੋਂ ਜਨਵਰੀ 2026 ਦੌਰਾਨ ਕੀਤੀ ਗਈ ਜਾਂਚ ਵਿਚ ਕੁੱਲ 39,215 ਯਾਤਰੀ ਬਿਨਾਂ ਟਿਕਟ ਜਾਂ ਅਨਿਯਮਤ ਯਾਤਰਾ ਕਰਦੇ ਹੋਏ ਪਾਏ ਗਏ।
ਇਨ੍ਹਾਂ ਯਾਤਰੀਆਂ ਤੋਂ ਜੁਰਮਾਨੇ ਦੇ ਤੌਰ ’ਤੇ ਲਗਭਗ 2.52 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਗਿਆ, ਜੋ ਪਿਛਲੇ ਸਾਲ ਦੀ ਇਸੇ ਅਵਧੀ ਦੇ ਮੁਕਾਬਲੇ 27 ਫੀਸਦੀ ਵੱਧ ਹੈ। ਇਸ ਤੋਂ ਇਲਾਵਾ ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਬਣਾਈ ਰੱਖਣ ਅਤੇ ਆਮ ਲੋਕਾਂ ਨੂੰ ਗੰਦਗੀ ਫੈਲਾਉਣ ਤੋਂ ਰੋਕਣ ਲਈ ਮੁੱਖ ਸਟੇਸ਼ਨਾਂ ’ਤੇ ਨਿਯਮਤ ਜਾਂਚ ਕੀਤੀ ਜਾ ਰਹੀ ਹੈ। ਇਸ ਤਹਿਤ ਜਨਵਰੀ ਮਹੀਨੇ ਦੌਰਾਨ 428 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ’ਚ ਗੰਦਗੀ ਫੈਲਾਉਣ ਦੇ ਮਾਮਲੇ ’ਚ ਫੜਿਆ ਗਿਆ ਅਤੇ ਉਨ੍ਹਾਂ ਤੋਂ 72 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਵਸੂਲ ਕੀਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਵਪਾਰੀ ਨਾਲ 21 ਲੱਖ ਰੁਪਏ ਦੀ ਠੱਗੀ; ਨਕਲੀ ਟਰਾਂਸਪੋਰਟਰ ਲੱਖਾਂ ਦਾ ਸਾਮਾਨ ਲੈ ਕੇ ਫਰਾਰ
ਇਸ ਸਬੰਧੀ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ’ਚ ਟਿਕਟ ਚੈਕਿੰਗ ਮੁਹਿੰਮ ਆਗਾਮੀ ਸਮੇਂ ’ਚ ਵੀ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਮਕਸਦ ਰੇਲਵੇ ਟਿਕਟਾਂ ਦੀ ਵਿਕਰੀ ’ਚ ਸੁਧਾਰ ਲਿਆਉਣਾ ਅਤੇ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਤੋਂ ਜੁਰਮਾਨਾ ਵਸੂਲ ਕਰ ਕੇ ਉਨ੍ਹਾਂ ਨੂੰ ਭਵਿੱਖ ’ਚ ਢੰਗ ਨਾਲ ਟਿਕਟ ਲੈ ਕੇ ਯਾਤਰਾ ਕਰਨ ਲਈ ਪ੍ਰੇਰਿਤ ਕਰਨਾ ਹੈ। ਉੱਥੇ ਹੀ ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਇਹ ਉਪਲੱਬਧੀ ਮੰਡਲ ਦੇ ਟਿਕਟ ਚੈਕਿੰਗ ਸਟਾਫ ਦੀ ਸਰਗਰਮੀ, ਸਮਰਪਣ ਅਤੇ ਲਗਾਤਾਰ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਨਿਯਮਤ ਯਾਤਰਾ ਅਤੇ ਗੰਦਗੀ ਫੈਲਾਉਣ ਤੋਂ ਰੋਕਣ ਲਈ ਰੇਲ ਯਾਤਰੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
