ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ''ਚ ਵੱਡਾ ਐਕਸ਼ਨ, ਫ਼ਰਜ਼ੀ ਦਸਤਾਵੇਜ਼ਾਂ ਰਾਹੀਂ...
Monday, Feb 09, 2026 - 01:57 PM (IST)
ਮੋਹਾਲੀ (ਜੱਸੀ) : ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਦੀ ਪਿੰਡ ਸੈਣੀਮਾਜਰਾ ’ਚ 44 ਮਰਲੇ ਜ਼ਮੀਨ ਨੂੰ ਗਲਤ ਢੰਗ ਨਾਲ ਵੇਚਣ ਦੇ ਮਾਮਲੇ ’ਚ ਪੁਲਸ ਨੇ 7 ਮੁਲਜ਼ਮਾਂ ’ਤੇ ਪਰਚਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਗੁਰਦੁਆਰਾ ਅੰਬ ਸਾਹਿਬ ਦੇ ਤਤਕਾਲੀ ਮੈਨੇਜਰ ਰਜਿੰਦਰ ਸਿੰਘ ਟੌਹੜਾ, ਗੁਰਿੰਦਰ ਸਿੰਘ ਵਾਸੀ ਪਿੰਡ ਸੈਣੀਮਾਜਰਾ, ਤਲਵਿੰਦਰ ਸਿੰਘ ਵਾਸੀ ਪਿੰਡ ਸੈਣੀਮਾਜਰਾ, ਸਤਵੀਰ ਸਿੰਘ ਵਾਸੀ ਪਿੰਡ ਸੈਣੀਮਾਜਰਾ, ਬਲਜਿੰਦਰ ਸਿੰਘ ਵਾਸੀ ਪਿੰਡ ਸੈਣੀਮਾਜਰਾ, ਜਸਵੰਤ ਸਿੰਘ ਵਾਸੀ ਪਿੰਡ ਸੈਣੀਮਾਜਰਾ ਤੇ ਜਗਤਾਰ ਸਿੰਘ ਵਾਸੀ ਗੁਰਦੁਅਰਾ ਅੰਬ ਸਾਹਿਬ ਫ਼ੇਜ਼-8 ਸ਼ਾਮਲ ਹਨ। ਉਨ੍ਹਾਂ ’ਤੇ ਧੋਖਾਧੜੀ, ਜਾਅਲਸਾਜ਼ੀ, ਜਾਅਲੀ ਦਸਤਾਵੇਜ਼ ਦੇ ਇਸਤੇਮਾਲ ਸਮੇਤ ਕਈ ਧਾਰਵਾਂ ਤਹਿਤ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ ਫ਼ੈਸਲਾ (ਵੀਡੀਓ)
ਫ਼ਰਜ਼ੀ ਦਸਤਾਵੇਜ਼ਾਂ ’ਤੇ ਕਰਵਾਈ ਗਈ ਸੀ ਰਜਿਸਟਰੀ
ਮਾਮਲੇ ’ਚ ਐੱਸ. ਜੀ. ਪੀ. ਸੀ. ਸੈਕਟਰੀ ਪ੍ਰਤਾਪ ਸਿੰਘ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਸੀ ਕਿ ਗੁਰਦੁਆਰਾ ਅੰਬ ਸਾਹਿਬ ਦੀ ਪਿੰਡ ਸੈਣੀਮਾਜਰਾ ’ਚ 44 ਮਰਲੇ ਜ਼ਮੀਨ ਦੀ ਸੈਕਟਰ-76 ਮੋਹਾਲੀ ਵਿਚਲੇ ਰਜਿਸਟਰਾਰ ਦੇ ਦਫ਼ਤਰ ’ਚ ਫ਼ਰਜ਼ੀ ਦਸਤਾਵੇਜ਼ ਤਿਆਰ ਕਰਕੇ ਰਜਿਸਟਰੀ ਹੋਈ ਸੀ। ਇਸ ਸ਼ਿਕਾਇਤ ’ਚ ਇਸ ਦਾ ਵੀ ਸ਼ੱਕ ਜ਼ਾਹਰ ਕੀਤਾ ਸੀ ਕਿ ਮੈਨੇਜਰ ਤੋਂ ਇਲਾਵਾ ਹੋਰਨਾਂ ਵਿਅਕਤੀਆਂ ਦੀ ਵੀ ਮਿਲੀ-ਭੁਗਤ ਹੈ, ਕਿਉਂਕਿ ਰਜਿਸਟਰੀ ਕਰਵਾਉਣ ਸਮੇਂ ਜਿਹੜਾ ਅਥਾਰਟੀ ਲੈਟਰ ਪੇਸ਼ ਕੀਤਾ ਗਿਆ ਸੀ, ਉਹ ਫ਼ਰਜ਼ੀ ਸੀ, ਜੋ ਮੈਨੇਜਰ ਵੱਲੋਂ ਖ਼ੁਦ ਜਾਅਲੀ ਦਸਤਖ਼ਤ ਕਰਕੇ ਤਿਆਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੇਚਣ ਤੋਂ ਪਹਿਲਾਂ ਐੱਸ. ਜੀ. ਪੀ. ਸੀ. ਵੱਲੋਂ ਮਤਾ ਪਾ ਕੇ ਮਨਜ਼ੂਰੀ ਲੈਣਾ ਜ਼ਰੂਰੀ ਹੁੰਦਾ ਹੈ ਪਰ ਰਜਿਸਟਰੀ ਕਰਵਾਉਣ ਸਮੇਂ ਅਜਿਹਾ ਕੋਈ ਵੀ ਮਤਾ ਪੇਸ਼ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਲੱਖਾਂ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਬੋਰਡ ਪ੍ਰੀਖਿਆਵਾਂ ਨੂੰ ਲੈ ਕੇ CBSE ਨੇ ਲਿਆ ਵੱਡਾ ਫ਼ੈਸਲਾ
ਐੱਸ. ਜੀ. ਪੀ. ਸੀ. ਵੱਲੋਂ ਐੱਸ. ਐੱਸ. ਪੀ. ਮੋਹਾਲੀ ਨੂੰ ਸ਼ਿਕਾਇਤ ਦੇਣ ਤੋਂ ਇਲਾਵਾ ਡੀ. ਸੀ. ਨੂੰ ਵੀ ਲਿਖਤ ਸ਼ਿਕਾਇਤ ਦੇ ਕੇ ਜ਼ਮੀਨ ਦੀ ਰਜਿਸਟਰੀ ਤੇ ਇੰਤਕਾਲ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਗੱਲ ਦਾ ਜਿਵੇਂ ਹੀ ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ। ਉੱਧਰ, ਮਾਮਲੇ ’ਚ ਉਜਾਗਰ ਕਰਨ ਵਾਲੇ ਸ਼ਿਕਾਇਤਕਰਤਾਵਾਂ ਦਾ ਦੋਸ਼ ਸੀ ਕਿ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਸਿਰਫ਼ 1 ਕਰੋੜ 32 ਲੱਖ ਰੁਪਏ ’ਚ ਵੇਚ ਦਿੱਤਾ ਗਿਆ, ਜਦਕਿ ਖੁੱਲ੍ਹੀ ਨਿਲਾਮੀ ਕਰਵਾਈ ਜਾਂਦੀ ਤਾਂ ਇਹ ਜ਼ਮੀਨ 15 ਤੋਂ 20 ਕਰੋੜ ਰੁਪਏ ’ਚ ਵਿਕ ਸਕਦੀ ਸੀ।
ਮੁਲਜ਼ਮਾਂ ਨੂੰ ਜਲਦ ਕੀਤਾ ਜਾਵੇਗਾ ਗ੍ਰਿਫ਼ਤਾਰ : ਡੀ. ਐੱਸ. ਪੀ.
ਇਸ ਸਬੰਧੀ ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਮਾਮਲੇ ’ਚ ਸੱਤ ਜਣਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
