ਜਲੰਧਰ ਵਿਖੇ ਈ. ਡੀ. ਦੇ ਸਾਹਮਣੇ ਪੇਸ਼ ਨਹੀਂ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ
Friday, Feb 13, 2026 - 10:57 AM (IST)
ਜਲੰਧਰ (ਮ੍ਰਿਦੁਲ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਫੇਮਾ ਦੀ ਉਲੰਘਣਾ ਮਾਮਲੇ ਵਿਚ ਜਾਰੀ ਸੰਮਨ ਦੇ ਬਾਵਜੂਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਵੀਰਵਾਰ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਤੇਜ਼ ਹੋ ਗਈ ਹੈ ਅਤੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।
ਸੂਤਰਾਂ ਅਨੁਸਾਰ ਈ. ਡੀ. ਨੇ ਰਣਇੰਦਰ ਸਿੰਘ ਨੂੰ 12 ਫਰਵਰੀ ਨੂੰ ਜਲੰਧਰ ਸਥਿਤ ਦਫ਼ਤਰ ਵਿਚ ਪੇਸ਼ ਹੋਣ ਲਈ ਤਲਬ ਕੀਤਾ ਸੀ ਪਰ ਉਹ ਤੈਅ ਸਮੇਂ ’ਤੇ ਜਾਂਚ ਏਜੰਸੀ ਦੇ ਸਾਹਮਣੇ ਹਾਜ਼ਰ ਨਹੀਂ ਹੋਏ। ਇਸ ਨੂੰ ਲੈ ਕੇ ਈ. ਡੀ. ਹੁਣ ਅਗਲੀ ਕਾਰਵਾਈ ’ਤੇ ਵਿਚਾਰ ਕਰ ਰਹੀ ਹੈ ਅਤੇ ਨਵੇਂ ਸੰਮਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ AAP ਦੇ ਵਾਅਦਿਆਂ ਦੀ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਖੋਲ੍ਹੀ ਪੋਲ, ਕੀਤੇ ਵੱਡੇ ਖ਼ੁਲਾਸੇ
ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਦਰਜ ਹੈ, ਜਿਸ ਵਿਚ ਵਿਦੇਸ਼ਾਂ ਵਿਚ ਜਾਇਦਾਦ, ਵਿਦੇਸ਼ੀ ਖਾਤਿਆਂ ਅਤੇ ਵਿੱਤੀ ਲੈਣ-ਦੇਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਲੰਮੇ ਸਮੇਂ ਤੋਂ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਹੁਣ ਜਾਂਚ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਗੋਡੇ ਦੀ ਸਰਜਰੀ ਕਾਰਨ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਦੱਸੇ ਜਾ ਰਹੇ ਹਨ, ਜਿਸ ਕਾਰਨ ਉਹ ਵੀ ਫਿਲਹਾਲ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ ਹਨ। ਸਿਆਸੀ ਗਲਿਆਰਿਆਂ ਵਿਚ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਚਰਚਾਵਾਂ ਤੇਜ਼ ਹਨ ਅਤੇ ਵਿਰੋਧੀ ਧਿਰ ਇਸ ਨੂੰ ਕਾਨੂੰਨ ਤੋਂ ਬਚਣ ਦੀ ਕੋਸ਼ਿਸ਼ ਕਰਾਰ ਦੇ ਰਹੀ ਹੈ, ਜਦਕਿ ਸਮਰਥਕ ਇਸ ਨੂੰ ਸਿਹਤ ਕਾਰਨਾਂ ਨਾਲ ਜੋੜ ਕੇ ਵੇਖ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਈ. ਡੀ. ਦੀ ਅਗਲੀ ਕਾਰਵਾਈ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ! SGPC ਨੇ ਕੀਤੇ ਖ਼ਾਸ ਪ੍ਰਬੰਧ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
