ਘਰ ਦੀ ਛੱਤ ਡਿੱਗਣ ਨਾਲ ਮਜ਼ਦੂਰ ਪਰਿਵਾਰ ਦੇ ਦੋ ਨੌਜਵਾਨ ਲੜਕੇ ਜ਼ਖ਼ਮੀ
Friday, Mar 02, 2018 - 10:31 AM (IST)

ਮੌੜ ਮੰਡੀ (ਪ੍ਰਵੀਨ)-ਮੌੜ ਖੁਰਦ ਵਿਖੇ ਸਵੇਰ ਸਮੇਂ ਇਕ ਗਰੀਬ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਦੋ ਨੌਜਵਾਨ ਲੜਕੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਮਲਬੇ ਹੇਠੋਂ ਕੱਢ ਕੇ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਪਰ ਸਰਕਾਰੀ ਹਸਪਤਾਲ ਵਿਖੇ ਕੋਈ ਡਾਕਟਰ ਨਾ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ।
ਇਕੱਤਰ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਰਸ਼ਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਦੋਵੇਂ ਭਰਾ ਪੁੱਤਰ ਨਾਜ਼ਮ ਸਿੰਘ ਵਾਸੀ ਮੌੜ ਖੁਰਦ ਆਪਣੇ ਘਰ ਸੁੱਤੇ ਪਏ ਸਨ ਅਤੇ ਉਨ੍ਹਾਂ ਦੀ ਮਾਂ ਰਾਜਿੰਦਰ ਕੌਰ ਚਾਹ ਬਣਾ ਰਹੀ ਸੀ ਤਾਂ ਅਚਾਨਕ ਹੀ ਛੱਤ ਡਿੱਗ ਪਈ, ਜਿਸ ਨਾਲ ਦੋਵੇਂ ਨੌਜਵਾਨ ਲੜਕੇ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਦਾ ਇਲਾਜ ਮੌੜ ਮੰਡੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਚੱਲ ਰਿਹਾ ਹੈ। ਜ਼ਖ਼ਮੀਆਂ ਦੇ ਪਿਤਾ ਨਾਜ਼ਮ ਸਿੰਘ ਦੇ ਰੌਲਾ ਪਾਉਣ 'ਤੇ ਪਿੰਡ ਵਾਸੀਆਂ ਨੇ ਦੋਵਾਂ ਨੌਜਵਾਨਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨਾ ਹੋਣ ਕਾਰਨ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ। ਸਰਕਾਰੀ ਹਸਪਤਾਲ ਵਿਚ ਡਾਕਟਰ ਨਾ ਹੋਣ ਕਾਰਨ ਪਿੰਡ ਵਾਸੀਆਂ 'ਚ ਭਾਰੀ ਰੋਸ ਪਾਇਆ ਗਿਆ।
ਇਸ ਮੌਕੇ ਮੌਜੂਦ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਮਜ਼ਦੂਰ ਪਰਿਵਾਰ ਦੀ ਆਰਥਕ ਮਦਦ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਮੁੜ ਤੋਂ ਆਪਣਾ ਰੈਣ ਬਸੇਰਾ ਬਣਾ ਸਕੇ ਅਤੇ ਦੋਵਾਂ ਨੌਜਵਾਨਾਂ ਦਾ ਇਲਾਜ ਹੋ ਸਕੇ।
ਇਸ ਸਬੰਧੀ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਤਹਿਸੀਲ ਪੱਧਰ ਦੇ ਹਸਪਤਾਲ 'ਚ ਡਾਕਟਰ ਨਾ ਹੋਣਾ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਪੋਲ ਖੋਲ੍ਹਦਾ ਹੈ। ਸਰਕਾਰ ਲੋਕ ਸਹੂਲਤਾਂ ਦੇ ਮਾਮਲੇ 'ਚ ਸੌਂ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਲੋਕਾਂ ਦੀ ਰੱਖਿਆ ਕਰਨ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਿਵਲ ਹਸਪਤਾਲਾਂ 'ਚ ਡਾਕਟਰ ਜ਼ਰੂਰ ਤਾਇਨਾਤ ਹੋਣ ਤਾਂ ਜੋ ਆਮ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਵੀ ਬਚਾਇਆ ਜਾ ਸਕੇ।