ਮਨਾਹੀ ਵਾਲੇ ਇੰਜੈਕਸ਼ਨ ਸਪਲਾਈ ਕਰਨ ਵਾਲੇ ਦੋ ਸਮੱਗਲਰ ਕਾਬੂ

05/06/2018 6:00:10 AM

ਚੰਡੀਗੜ੍ਹ,  (ਸੁਸ਼ੀਲ) -  ਮਨਾਹੀ ਵਾਲੇ ਇੰਜੈਕਸ਼ਨ ਸਪਲਾਈ ਕਰਨ ਵਾਲੇ ਦੋ ਸਮੱਗਲਰਾਂ ਨੂੰ ਕ੍ਰਾਈਮ ਬਰਾਂਚ ਦੀ ਟੀਮ ਨੇ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਦਬੋਚ ਲਿਆ। ਸਮੱਗਲਰਾਂ ਦੀ ਪਛਾਣ ਜ਼ੀਰਕਪੁਰ ਦੇ ਸ਼ਿਵ ਇਨਕਲੇਵ ਨਿਵਾਸੀ ਮੁਕੇਸ਼ ਤੇ ਮੁੰਡੀ ਖਰੜ ਨਿਵਾਸੀ ਕੁਲਬੀਰ ਸਿੰਘ ਗੋਲਡੀ ਵਜੋਂ ਹੋਈ। ਮੁਕੇਸ਼ ਤੋਂ 2000 ਤੇ ਕੁਲਬੀਰ ਸਿੰਘ ਗੋਲਡੀ ਤੋਂ 50 ਮਨਾਹੀ ਵਾਲੇ ਇੰਜੈਕਸ਼ਨ ਬਰਾਮਦ ਹੋਏ। ਸੈਕਟਰ-31 ਤੇ ਮਲੋਆ ਥਾਣਾ ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। 
ਡੀ. ਐੱਸ. ਪੀ. ਕ੍ਰਾਈਮ ਉਮਰਾਓ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੁਲਸ ਏਅਰਪੋਰਟ ਲਾਈਟ ਪੁਆਇੰਟ ਕੋਲ ਪੈਟ੍ਰੋਲਿੰਗ ਕਰ ਰਹੀ ਸੀ। ਪੁਲਸ ਕਰਮਚਾਰੀਆਂ ਨੇ ਸ਼ੱਕੀ ਹਾਲਤ ਵਿਚ ਬੈਗ ਲੈ ਕੇ ਜਾ ਰਹੇ ਨੌਜਵਾਨ ਨੂੰ ਫੜ ਲਿਆ, ਜਦੋਂ ਬੈਗ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 200 ਮਨਾਹੀ ਵਾਲੇ ਇੰਜੈਕਸ਼ਨ ਬਰਾਮਦ ਹੋਏ। ਫੜੇ ਗਏ ਮੁਲਜ਼ਮ ਮੁਕੇਸ਼ ਨੇ ਦੱਸਿਆ ਕਿ ਉਹ ਇੰਜੈਕਸ਼ਨ ਅੰਬਾਲਾ ਤੋਂ ਲੈ ਕੇ ਆਉਂਦਾ ਸੀ ਤੇ ਕਾਲੋਨੀਆਂ ਵਿਚ 200 ਤੋਂ 300 ਰੁਪਏ ਪ੍ਰਤੀ ਇੰਜੈਕਸ਼ਨ ਵੇਚਦਾ ਸੀ। ਉਥੇ ਹੀ ਮਲੋਆ ਵਿਚ ਵਾਟਰ ਵਰਕਸ ਦੇ ਕੋਲ ਇਕ ਨੌਜਵਾਨ ਪੁਲਸ ਨੂੰ ਦੇਖ ਕੇ ਭੱਜਣ ਲੱਗਾ। ਪੁਲਸ ਕਰਮਚਾਰੀਆਂ ਨੇ ਥੋੜ੍ਹੀ ਦੂਰ ਜਾ ਕੇ ਉਸ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਉਸ ਤੋਂ ਇੰਜੈਕਸ਼ਨ ਬਰਾਮਦ ਹੋਏ।


Related News