2 ਨਸ਼ਾ ਸਮੱਗਲਰ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਫ਼ਰਾਰ
Thursday, Apr 11, 2024 - 05:06 PM (IST)
ਫਿਰੋਜ਼ਪੁਰ (ਕੁਮਾਰ,ਪਾਲ,ਮਲਹੋਤਰਾ,ਖੁੱਲਰ,ਪਰਮਜੀਤ) : ਜ਼ਿਲ੍ਹਾ ਫਿਰੋਜ਼ਪੁਰ ਵਿਚ ਐੱਸ.ਪੀ. ਸੌਮਿਆ ਮਿਸ਼ਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਜਾ ਰਹੀ ਪੁਲਸ ਦੀ ਗੱਡੀ ਦੇਖ ਕੇ ਮੋਟਰਸਾਈਕਲ ’ਤੇ ਆ ਰਹੇ 2 ਨਸ਼ਾ ਸਮੱਗਲਰ ਰਸਤੇ ਵਿਚ ਹੀ ਹੈਰੋਇਨ ਵਾਲਾ ਝੋਲਾ ਸੁੱਟ ਕੇ ਫਰਾਰ ਹੋ ਗਏ, ਜਿਨ੍ਹਾਂ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਐੱਸ.ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਜਦੋਂ ਥਾਣਾ ਤਲਵੰਡੀ ਭਾਈ ਦੀ ਪੁਲਸ ਸਬ ਇੰਸਪੈਕਟਰ ਚਰਨ ਸਿੰਘ ਦੀ ਅਗਵਾਈ ਹੇਠ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਪਿੰਡ ਪੁਤਲੀ ਤੋਂ ਪਿੰਡ ਤੁੰਬੜ ਭਾਨ ਵੱਲ ਜਾ ਰਹੀ ਸੀ।
ਇਸ ਦੌਰਾਨ ਦਾਣਾ ਮੰਡੀ ਨੇੜੇ ਪੁਲਸ ਪਾਰਟੀ ਨੂੰ 2 ਸ਼ੱਕੀ ਅਣਪਛਾਤੇ ਵਿਅਕਤੀ ਸਪਲੈਂਡਰ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦਿੱਤੇ, ਜੋ ਪੁਲਸ ਦੀ ਗੱਡੀ ਦੇਖ ਕੇ ਘਬਰਾ ਗਏ ਅਤੇ ਹੱਥ ਵਿਚ ਫੜਿਆ ਝੋਲਾ ਉਥੇ ਹੀ ਸੜਕ ’ਤੇ ਸੁੱਟ ਕੇ ਭੱਜ ਗਏ। ਉਸ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਵਲੋਂ ਝੋਲਾ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ’ਚੋਂ 1 ਕਿਲੋ 350 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ.ਪੀ. ਰਣਧੀਰ ਕੁਮਾਰ ਨੇ ਦੱਸਿਆ ਕਿ ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਤਲਵੰਡੀ ਭਾਈ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ।