ਢਾਈ ਕਰੋੜ ਦੀ ਜ਼ਮੀਨ 16 ਲੱਖ ''ਚ ਵੇਚ ਗਿਆ ਕਿਰਾਏਦਾਰ
Friday, Sep 01, 2017 - 07:07 AM (IST)

ਜਲੰਧਰ, (ਰਾਜੇਸ਼)- ਢਾਈ ਕਰੋੜ ਰੁਪਏ ਦੀ ਜ਼ਮੀਨ ਸਿਰਫ 16 ਲੱਖ ਰੁਪਏ ਵਿਚ ਵੇਚਣ ਵਾਲੇ ਬਸਤੀ ਨੌ ਦੇ ਸਪੋਰਟਸ ਕਾਰੋਬਾਰੀ ਦੇ ਖਿਲਾਫ ਥਾਣਾ ਆਰਥਿਕ ਅਪਰਾਧ ਸ਼ਾਖਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਬਸਤੀ ਨੌ ਦੇ ਖੇਡਾਂ ਦੇ ਸਾਮਾਨ ਦੇ ਵਪਾਰੀ ਤੇਜਪਾਲ ਸਿੰਘ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੇ ਰਾਜਨ ਮਹਿਤਾ ਨੂੰ ਬਸਤੀ ਨੌ ਵਿਚ ਸਥਿਤ ਫੈਕਟਰੀ ਦੀ ਜ਼ਮੀਨ ਜੋ ਕਿ 46 ਮਰਲੇ ਹੈ, ਕਈ ਸਾਲਾਂ ਤੋਂ ਕਿਰਾਏ 'ਤੇ ਦਿੱਤੀ ਹੋਈ ਸੀ। ਕੁਝ ਦਿਨ ਪਹਿਲਾਂ ਪਤਾ ਲੱਗਾ ਕਿ ਉਨ੍ਹਾਂ ਦੇ ਕਿਰਾਏਦਾਰ ਰਾਜਨ ਮਹਿਤਾ ਨੇ ਉਨ੍ਹਾਂ ਦੀ 46 ਮਰਲੇ ਜ਼ਮੀਨ ਵਿਚੋਂ 16 ਮਰਲੇ ਜ਼ਮੀਨ ਜੋ ਲਗਭਗ ਢਾਈ ਕਰੋੜ ਦੀ ਹੈ, ਨੂੰ ਸਿਰਫ 16 ਲੱਖ ਰੁਪਏ ਵਿਚ ਬਸਤੀ ਨੌ ਦੇ ਹੀ ਸਪੋਰਟਸ ਵਪਾਰੀ ਅਮਿਤ ਸੇਠੀ ਨੂੰ ਵੇਚ ਦਿੱਤਾ।
ਤੇਜਪਾਲ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਦੀ ਪੁਲਸ ਨੂੰ ਦਿੱਤੀ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਐੱਮ. ਬੀ. ਰਬੜ ਦੇ ਰਾਜਨ ਮਹਿਤਾ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ। ਮਾਮਲਾ ਦਰਜ ਹੋਣ ਤੋਂ ਬਾਅਦ ਰਾਜਨ ਮਹਿਤਾ ਫਰਾਰ ਹੈ, ਜਿਸ ਦੀ ਭਾਲ ਵਿਚ ਪੁਲਸ ਛਾਪੇਮਾਰੀ ਕਰ ਰਹੀ ਹੈ। ਤੇਜਪਾਲ ਸਿੰਘ ਨੇ ਪੁਲਸ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀ ਜ਼ਮੀਨ ਦੇ ਕਾਗਜ਼ਾਤ ਬਣਾ ਕੇ ਧੋਖੇ ਨਾਲ ਵੇਚਣ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ।