24 ਲੱਖ ਦਾ ਟਿਊਬਵੈੱਲ ਬਣਿਆ ਸਫੈਦ ਹਾਥੀ
Friday, Jun 22, 2018 - 05:38 AM (IST)

ਅੰਮ੍ਰਿਤਸਰ, (ਵਡ਼ੈਚ)- ਵਾਰਡ-43 ਦੇ ਕਈ ਇਲਾਕਿਆਂ ਦੇ ਲੋਕ ਪੀਣ ਯੋਗ ਪਾਣੀ ਦੀਅਾਂ ਮੁਸ਼ਕਿਲਾਂ ਦਾ ਸ਼ਿਕਾਰ ਹੋ ਰਹੇ ਹਨ। ਇਲਾਕਾ ਗੋਬਿੰਦ ਨਗਰ ਤੇ ਨਿਊ ਅਾਜ਼ਾਦ ਨਗਰ ਦੇ 2 ਟਿਊਬਵੈੱਲਾਂ ਦੇ ਬੋਰ ਬੈਠ ਜਾਣ ਕਾਰਨ ਵਾਟਰ ਸਪਲਾਈ ਦੇ ਨਾਲ ਰੇਤ ਦੀ ਸਪਲਾਈ ਵੀ ਹੋ ਰਹੀ ਹੈ। ਉੱਚੀਆਂ ਪੈਲੀਆਂ ਕਪੂਰ ਨਗਜਠੇਰਿਆਂ ਦੀ ਜਗ੍ਹਾ ’ਤੇ ਕਰੀਬ 5 ਸਾਲ ਪਹਿਲਾਂ ਲਾਇਆ ਟਿਊਬਵੈੱਲ ਸਫੈਦ ਹਾਥੀ ਬਣਿਆ ਹੋਇਆ ਹੈ। 24 ਲੱਖ ਦੀ ਲਾਗਤ ਨਾਲ ਲਾਏ ਟਿਊਬਵੈੱਲ ਨੂੰ ਕਰੀਬ 5 ਸਾਲ ਬਾਅਦ ਵੀ ਚਾਲੂ ਨਾ ਕੀਤੇ ਜਾਣ ਕਰ ਕੇ ਲੋਕ ਪਿਆਸੇ ਰਹਿਣ ਲਈ ਮਜਬੂਰ ਹਨ।
ਕੌਂਸਲਰ ਜਸਕਿਰਨ ਸਿੰਘ ਦੇ ਪਤੀ ਤੇ ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਵਾਰਡ ਪ੍ਰਧਾਨ ਅਰਜਿੰਦਰ ਸਿੰਘ, ਮਨਜੀਤ ਸਿੰਘ, ਗੁਰਮੁੱਖ ਸਿੰਘ ਬਿੱਟੂ, ਕੁਲਦੀਪ ਸਿੰਘ ਕੰਡਾ, ਹਰਜੀਤ ਸਿੰਘ ਲਵਲੀ, ਸੁਮਿਤ ਤੇ ਹਰਜੀਤ ਸਿੰਘ ਨੇ ਕਿਹਾ ਕਿ ਸਾਲ 2013 ਵਿਚ ਲਾਇਆ ਟਿਊਬਵੈੱਲ ਚਾਲੂ ਨਾ ਕਰਨ ਅਤੇ 2 ਟਿਊਬਵੈੱਲਾਂ ’ਚ ਆ ਰਹੀਆਂ ਖਰਾਬੀਆਂ ਕਾਰਨ ਘਰਾਂ ਵਿਚ ਵਾਟਰ ਸਪਲਾਈ ਨਹੀਂ ਪਹੁੰਚ ਰਹੀ। ਆਖਰੀ ਸਾਹ ਲੈ ਕੇ ਖਰਾਬ ਟਿਊਬਵੈੱਲ ਦੇ ਪਾਣੀ ਦੇ ਨਾਲ ਘਰਾਂ ਵਿਚ ਰੇਤ ਜਾ ਰਹੀ ਹੈ, ਜਿਸ ਨਾਲ ਲੋਕਾਂ ਦਾ ਖਾਣਾ-ਪੀਣਾ ਮੁਸ਼ਕਿਲ ਹੋ ਗਿਆ ਹੈ। ਲੋਕ ਬਾਹਰਲੇ ਇਲਾਕਿਆਂ ਤੋਂ ਪਾਣੀ ਲਿਆਉਣ ਅਤੇ ਮੁੱਲ ਦਾ ਪਾਣੀ ਪੀ ਕੇ ਸਮਾਂ ਬਤੀਤ ਕਰ ਰਹੇ ਹਨ।
ਜਠੇਰਿਆਂ ਵਾਲੀ ਜਗ੍ਹਾ ’ਤੇ ਟਿਊਬਵੈੱਲ ਤਾਂ ਲਇਆ ਗਿਆ ਪਰ ਚਾਲੂ ਨਹੀਂ ਕੀਤਾ ਜਾ ਰਿਹਾ। ਐਕਸੀਅਨ ਸਤਪਾਲ ਦਾ ਕਹਿਣਾ ਹੈ ਕਿ ਵਾਟਰ ਸਪਲਾਈ ਦੀਅਾਂ ਪਾਈਪਾਂ ’ਤੇ 2 ਟਿਊਬਵੈੱਲਾ ਦੀ ਸਪਲਾਈ ਹੈ। ਨਵਾਂ ਟਿਊਬਵੈੱਲ ਚਲਾਉਣ ਨਾਲ ਪਾਈਪਾਂ ਫਟ ਜਾਂਦੀਅਾਂ ਹਨ। ਜਸਕੀਰਤ ਸਿੰਘ ਨੇ ਕਿਹਾ ਕਿ ਟਿਊਬਵੈੱਲਾਂ ਦੀ ਵਾਟਰ ਸਪਲਾਈ ਇਲਾਕਿਆਂ ਵਿਚ ਵੰਡ ਕੇ ਦਿੱਤੀ ਜਾਵੇ, ਜਿਸ ਨਾਲ ਘਰਾਂ ਵਿਚ ਪਾਣੀ ਪਹੁੰਚ ਸਕੇ ਤੇ ਵਾਰਡ ’ਚ ਰਹਿੰਦੇ ਕਰੀਬ 18 ਹਜ਼ਾਰ ਲੋਕਾਂ ਤੱਕ ਸਾਫ ਪਾਣੀ ਪਹੁੰਚਾਇਆ ਜਾ ਸਕੇ।
ਚਾਲੂ ਕਰਵਾਇਆ ਜਾਵੇਗਾ ਨਵਾਂ ਟਿਊਬਵੈੱਲ : ਮਹਾਜਨ
ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਦੇ ਐੱਸ. ਈ. ਅਨੁਰਾਗ ਮਹਾਜਨ ਨੇ ਕਿਹਾ ਕਿ ਵਾਰਡ ਵਿਚ ਲੱਗੇ ਟਿਊਬਵੈੱਲ ਨੂੰ ਸ਼ੁਰੂ ਕਰਵਾਉਣ ਤੇ ਖਰਾਬ ਟਿਊਬਵੈੱਲਾਂ ਨੂੰ ਠੀਕ ਕਰਵਾ ਕੇ ਵਾਰਡ ਵਾਸੀਅਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਐਕਸੀਅਨ ਦੀ ਦੇਖ-ਰੇਖ ਵਿਚ ਟੀਮ ਨੂੰ ਕੌਂਸਲਰ ਕੋਲ ਭੇਜਿਆ ਜਾਵੇਗਾ ਤਾਂ ਕਿ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ। ®