ਕਿਸਾਨ ਰੱਦ ਕੀਤੇ ਟਿਊਬਵੈੱਲ ਕੁਨੈਕਸ਼ਨ ਨੂੰ 10 ਸਾਲ ਤੱਕ ਕਰਵਾ ਸਕਣਗੇ ਰਿਵਾਈਵ

Wednesday, Feb 12, 2020 - 01:16 PM (IST)

ਕਿਸਾਨ ਰੱਦ ਕੀਤੇ ਟਿਊਬਵੈੱਲ ਕੁਨੈਕਸ਼ਨ ਨੂੰ 10 ਸਾਲ ਤੱਕ ਕਰਵਾ ਸਕਣਗੇ ਰਿਵਾਈਵ

ਚੰਡੀਗੜ੍ਹ (ਸ਼ਰਮਾ) : ਸੂਬੇ ਦੇ ਉਹ ਕਿਸਾਨ, ਜਿਨ੍ਹਾਂ ਦੇ ਟਿਊਬਵੈੱਲ ਕੁਨੈਕਸ਼ਨ ਨੂੰ ਡਿਮਾਂਡ ਨੋਟਿਸ ਦੀ ਸਮਾਂ ਹੱਦ ਖ਼ਤਮ ਹੋਣ ਕਾਰਣ ਰੱਦ ਕਰ ਦਿੱਤਾ ਗਿਆ ਸੀ, ਹੁਣ 10 ਸਾਲ ਦੇ ਸਮੇਂ ਦੌਰਾਨ ਰੱਦ ਕੀਤੀਆਂ ਗਈਆਂ ਅਰਜ਼ੀਆਂ ਨੂੰ ਦੁਬਾਰਾ ਰਿਵਾਈਵ ਕਰਵਾ ਸਕਦੇ ਹਨ। ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਇਲੈਕਟ੍ਰੀਸਿਟੀ ਸਪਲਾਈ ਕੋਡ ਐਂਡ ਰੈਗੂਲੇਟਰੀ ਮੈਟਰਜ਼ ਰੈਗੂਲੇਸ਼ਨਜ਼ 2014 'ਚ ਸੋਧ ਨੂੰ ਮਨਜ਼ੂਰੀ ਪ੍ਰਦਾਨ ਕਰਨ ਤੋਂ ਬਾਅਦ ਪੰਜਾਬ ਪਾਵਰਕਾਮ ਨੇ ਇਸ ਸਬੰਧ 'ਚ ਹੁਕਮ ਜਾਰੀ ਕਰ ਦਿੱਤੇ ਹਨ।
ਹਾਲੇ ਤੱਕ ਲਾਗੂ ਵਿਵਸਥਾਵਾਂ ਅਨੁਸਾਰ ਜੇਕਰ ਕੋਈ ਬਿਨੈਕਾਰ ਨਿਸ਼ਚਿਤ ਸਮੇਂ ਦੌਰਾਨ ਡਿਮਾਂਡ ਨੋਟਿਸ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਤਾਂ 30 ਦਿਨ ਦਾ ਨੋਟਿਸ ਦੇ ਕੇ ਉਸ ਦੀ ਅਰਜ਼ੀ ਨੂੰ ਰੱਦ ਕੀਤਾ ਜਾ ਸਕਦਾ ਹੈ ਪਰ ਜੇਕਰ ਕੋਈ ਬਿਨੈਕਾਰ ਇਸ ਦੌਰਾਨ ਐਕਸਟੈਂਸ਼ਨ ਲਈ ਅਰਜ਼ੀ ਦਿੰਦਾ ਹੈ ਅਤੇ ਨਿਯਮਾਂ ਅਨੁਸਾਰ ਫੀਸ ਅਦਾ ਕਰਦਾ ਹੈ ਤਾਂ ਇਸ ਮਾਮਲੇ 'ਚ ਡਿਮਾਂਡ ਨੋਟਿਸ ਜਾਰੀ ਹੋਣ ਦੇ ਦਿਨ ਤੋਂ ਵੱਧ ਤੋਂ ਵੱਧ 2 ਸਾਲ ਤੱਕ ਦੀ ਐਕਸਟੈਂਸ਼ਨ ਦਿੱਤੀ ਜਾ ਸਕਦੀ ਹੈ। ਇਸ ਸਥਿਤੀ 'ਚ ਅਰਜ਼ੀ ਰੱਦ ਹੋਣ 'ਤੇ ਬਿਨੈਕਾਰ ਦਾ ਕੁਨੈਕਸ਼ਨ ਰਿਵਾਈਵ ਕਰਨ ਦੀ ਬੇਨਤੀ ਨਿਰਧਾਰਿਤ ਰਿਵਾਈਵਲ ਫੀਸ ਅਦਾ ਕਰਨ ਤੋਂ ਬਾਅਦ ਸਿਰਫ ਇਕ ਵਾਰ 2 ਸਾਲ ਲਈ ਵਧਾਇਆ ਜਾ ਸਕਦਾ ਹੈ ਪਰ ਹੁਣ ਸੋਧ ਤੋਂ ਬਾਅਦ ਬਿਨੈਕਾਰ ਵੱਧ ਤੋਂ ਵੱਧ 10 ਸਾਲ ਦੇ ਸਮੇਂ ਦੌਰਾਨ ਆਪਣੀ ਰੱਦ ਅਰਜ਼ੀ ਨੂੰ ਰਿਵਾਈਵ ਕਰਨ ਲਈ ਬੇਨਤੀ ਕਰ ਸਕਦਾ ਹੈ।
ਇਸ ਤੋਂ ਇਲਾਵਾ ਰੈਗੂਲੇਟਰੀ ਕਮਿਸ਼ਨ ਵੱਲੋਂ ਮਨਜ਼ੂਰ ਕੀਤੀ ਗਈ ਸੋਧ ਅਨੁਸਾਰ ਜੇਕਰ ਕੋਈ ਖਪਤਕਾਰ ਕੋਈ ਕੰਮ ਆਪਣੇ ਖਰਚ 'ਤੇ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਾਮਾਨ ਪਾਵਰਕਾਮ ਵੱਲੋਂ ਮਨਜ਼ੂਰ ਵਿਕਰੇਤਾ ਤੋਂ ਹੀ ਖਰੀਦਣਾ ਹੋਵੇਗਾ ਤਾਂ ਕਿ ਸਾਮਾਨ ਦੀ ਗੁਣਵੱਤਾ ਨੂੰ ਯਕੀਨੀ ਕੀਤਾ ਜਾ ਸਕੇ। ਇਸ ਤੋਂ ਇਲਾਵਾ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨਾਂ ਟਾਈਟਲ ਟਰਾਂਸਫਰ ਪ੍ਰਕਿਰਿਆ ਨੂੰ ਸਪੱਸ਼ਟ ਕਰਦੇ ਹੋਏ ਸੋਧ 'ਚ ਵਿਵਸਥਾ ਕੀਤੀ ਗਈ ਹੈ ਕਿ ਹੁਣ ਇਕ ਤੋਂ ਜ਼ਿਆਦਾ ਵਾਰਸਾਂ ਦੇ ਨਾਮ ਨਾਲ ਵੀ ਸੰਯੁਕਤ ਰੂਪ ਤੋਂ ਕੁਨੈਕਸ਼ਨ ਟਰਾਂਸਫਰ ਕੀਤਾ ਜਾ ਸਕੇਗਾ।

ਇਸ ਤੋਂ ਇਲਾਵਾ ਪਾਵਰਕਾਮ ਖਪਤਕਾਰ ਨੂੰ ਰਜਿਸਟਰਡ ਈ-ਮੇਲ ਅਤੇ ਐੱਸ. ਐੱਮ. ਐੱਸ. ਰਾਹੀਂ ਵੀ ਬਿਜਲੀ ਬਿੱਲ ਦੀ ਸੂਚਨਾ ਪ੍ਰਦਾਨ ਕਰਨ ਦੀ ਵਿਵਸਥਾ ਕਰੇਗਾ। ਇਹੀ ਨਹੀਂ ਜੇਕਰ ਖਪਤਕਾਰ ਵੱਲੋਂ ਡਿਜੀਟਲ ਮਾਧਿਅਮ ਨਾਲ ਕੀਤੀ ਗਈ ਬਿੱਲ ਦੀ ਅਦਾਇਗੀ 'ਚ ਟਾਈਪੋਗ੍ਰਾਫੀਕਲ ਗਲਤੀ ਨਾਲ ਜ਼ਿਆਦਾ ਰਾਸ਼ੀ ਅਦਾ ਕੀਤੀ ਜਾਂਦੀ ਹੈ ਤਾਂ ਪਾਵਰਕਾਮ ਨੂੰ ਅਦਾ ਕੀਤੀ ਗਈ ਇਸ ਜ਼ਿਆਦਾ ਰਾਸ਼ੀ ਨੂੰ ਤੁਰੰਤ ਮੋੜਨਾ ਯਕੀਨੀ ਕਰਨਾ ਹੋਵੇਗਾ।


author

Babita

Content Editor

Related News