ਭਿਆਨਕ ਹਾਦਸੇ 'ਚ ਧੜ ਨਾਲੋਂ ਵੱਖ ਹੋਇਆ ਵਿਅਕਤੀ ਦਾ ਸਿਰ, ਦੋਸ਼ੀ ਚਾਲਕ ਫ਼ਰਾਰ

Tuesday, Oct 06, 2020 - 05:02 PM (IST)

ਭਿਆਨਕ ਹਾਦਸੇ 'ਚ ਧੜ ਨਾਲੋਂ ਵੱਖ ਹੋਇਆ ਵਿਅਕਤੀ ਦਾ ਸਿਰ, ਦੋਸ਼ੀ ਚਾਲਕ ਫ਼ਰਾਰ

ਪਾਤੜਾਂ (ਸਨੇਹੀ) : ਪਾਤੜਾਂ-ਪਟਿਆਲਾ ਹਾਈਵੇਅ 'ਤੇ ਬੀਤੀ ਸ਼ਾਮ ਟਰੱਕ ਤੇ ਸਾਈਕਲ ਦਰਮਿਆਨ ਹੋਈ ਜ਼ਬਰਦਸਤ ਟੱਕਰ 'ਚ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ, ਜਦ ਕਿ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀਂ ਹੋ ਗਿਆ। ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਮ੍ਰਿਤਕ ਦੇ ਭਤੀਜੇ ਸ਼ਿੰਗਾਰਾ ਸਿੰਘ ਪੁੱਤਰ ਮਿਸ਼ਰਾ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ 7 ਵਜੇ ਦੇ ਕਰੀਬ ਉਸ ਦਾ ਤਾਇਆ ਅਜੈਬ ਸਿੰਘ ਉਮਰ 60 ਸਾਲ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਧੂਹੜ ਜਦੋਂ ਪਾਤੜਾਂ ਤੋਂ ਕੰਮਕਾਜ ਨਿਪਟਾ ਕੇ ਆਪਣੇ ਸਾਈਕਲ 'ਤੇ ਜਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਆ ਰਹੇ ਇੱਕ ਟਰੱਕ ਨੇ ਪਿੱਛੋਂ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸੇ ਦੋਸ਼ੀ ਟਰੱਕ ਚਾਲਕ ਨੇ ਉਸ ਦੇ ਅੱਗੇ ਸਾਈਕਲ ’ਤੇ ਜਾ ਰਹੇ ਬਲਜਿੰਦਰ ਸਿੰਘ ਪੁੱਤਰ ਬੂੜ ਸਿੰਘ ਵਾਸੀ ਪਿੰਡ ਸੰਗਤਪੁਰਾ ਬੂਰੜ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ, ਜਿਸ ਨੂੰ ਗੰਭੀਰ ਰੂਪ 'ਚ ਸਿਵਲ ਹਸਪਤਾਲ ਪਾਤੜਾਂ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ, ਜਦੋਂ ਕਿ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਪੁਲਸ ਨੇ ਦੋਸ਼ੀ ਟਰੱਕ ਡਰਾਈਵਰ ਜਿਸ ਦੀ ਪਛਾਣ ਅਮੀਨ ਖਾਨ ਪੁੱਤਰ ਮੂੰਗੇ ਖਾਨ ਵਾਸੀ ਪਿੰਡ ਨੋਆ ਬੈਸਲੀ ਥਾਣਾ ਮੀਰੂਵਾਸ ਜ਼ਿਲ੍ਹਾ ਚੂਰੂ (ਰਾਜਸਥਾਨ) ਵਜੋਂ ਹੋਈ ਹੈ, ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News